Welcome to Canadian Punjabi Post
Follow us on

24

May 2022
ਬ੍ਰੈਕਿੰਗ ਖ਼ਬਰਾਂ :
ਸ੍ਰੀ ਅਕਾਲ ਤਖਤ ਦੇ ਕਾਰਜਕਾਰੀ ਜੱਥੇਦਾਰ ਵੱਲੋਂ ਸਿੱਖਾਂ ਨੂੰ ਲਾਇਸੈਂਸੀ ਹਥਿਆਰ ਰੱਖਣ ਦੀ ਅਪੀਲਬਾਇਡਨ ਦੀ ਹਾਜ਼ਰੀ ਵਿੱਚ ਮੋਦੀ ਨੇ ਕਿਹਾ: ਇੰਡੋ-ਪੈਸਿਫਿਕ ਖੇਤਰ ਨੂੰ ਮੁਕਤ ਅਤੇ ਖੁੱਲ੍ਹਾ ਰੱਖਣ ਦੇ ਲਈ ਭਾਰਤ ਵਚਨਬੱਧਭਗਵੰਤ ਮਾਨ ਵੱਲੋਂ ਸ਼ਹਿਰੀ ਹਵਾਬਾਜ਼ੀ ਵਿਭਾਗ ਨੂੰ ਚੰਡੀਗੜ੍ਹ ਤੋਂ ਕੈਨੇਡਾ, ਅਮਰੀਕਾ ਅਤੇ ਯੂ.ਕੇ. ਲਈ ਸਿੱਧੀਆਂ ਅੰਤਰਰਾਸ਼ਟਰੀ ਉਡਾਨਾਂ ਤੁਰੰਤ ਸ਼ੁਰੂ ਕਰਨ ਲਈ ਕੇਂਦਰੀ ਸ਼ਹਿਰੀ ਹਵਾਬਾਜ਼ੀ ਮੰਤਰਾਲੇ ਅਤੇ ਏ.ਏ.ਆਈ. ਨਾਲ ਤਾਲਮੇਲ ਕਰਨ ਦੇ ਨਿਰਦੇਸ਼ਮੁੱਖ ਮੰਤਰੀ 15 ਅਗਸਤ ਨੂੰ ਸਰਕਾਰ ਦੇ ਮੁੱਖ ਪ੍ਰੋਗਰਾਮ ‘ਮੁਹੱਲਾ ਕਲੀਨਿਕ’ ਦੀ ਕਰਨਗੇ ਸ਼ੁਰੂਆਤਪੰਜਾਬੀ ਭਾਸ਼ਾ ਦਾ ਪ੍ਰਚਾਰ-ਪ੍ਰਸਾਰ ਲਈ ਭਾਸ਼ਾ ਵਿਭਾਗ ਗਤੀਵਿਧੀਆਂ ਚਲਾਏਗਾ: ਮੀਤ ਹੇਅਰਲੋਕ ਨਿਰਮਾਣ ਮੰਤਰੀ ਵੱਲੋਂ ਵਿਭਾਗ ਦੀਆਂ ਬਰਾਂਚਾਂ ਦੀ ਅਚਨਚੇਤ ਚੈਕਿੰਗਉਂਟੇਰੀਓ ਚੋਣਾਂ - ਨੀਲੇ ਰੰਗ ਦੀ ਚੜ੍ਹਤ ਬਰਕਰਾਰਭਾਰਤ ਦੀ ਨਿਕਹਤ ਜ਼ਰੀਨ ਨੇ ਵਰਲਡ ਬਾਕਸਿੰਗ ਦਾ ਗੋਲਡ ਜਿੱਤ ਕੇ ਇਤਿਹਾਸ ਰਚਿਆ
 
ਨਜਰਰੀਆ

ਡਰ

January 25, 2022 01:29 AM

-ਪ੍ਰਿੰਸੀਪਲ ਵਿਜੈ ਕੁਮਾਰ
ਘਰੇ ਰੰਗ ਰੋਗਨ ਕਰਵਾਉਣ ਲਈ ਠੇਕੇਦਾਰ ਨਾਲ ਠੇਕਾ ਮੁੱਕ ਗਿਆ। ਉਹਨੇ ਦੋ ਬੰਦੇ ਲਾ ਕੇ ਕੰਮ ਸ਼ੁਰੂ ਕਰਵਾ ਦਿੱਤਾ। ਇਨ੍ਹਾਂ ਮੁੰਡਿਆਂ ਦੀ ਉਮਰ 25 ਸਾਲਾਂ ਤੋਂ ਹੇਠਾਂ ਹੀ ਹੋਵੇਗੀ। ਦੋਵੇਂ ਮਿੱਠ ਬੋਲੜੇ ਅਤੇ ਸੁਭਾਅ ਦੇ ਸਾਊ। ਮੂੰਹ ਵਿੱਚ ਜ਼ਬਾਨ ਨਹੀਂ। ਜਿੰਨੀ ਗੱਲ ਪੁੱਛੋ, ਓਨਾ ਜਵਾਬ। ਵਾਧੂ ਕੋਈ ਗੱਲ ਨਹੀਂ। ਸਵੇਰੇ 8.30 ਵਜੇ ਕੰਮ ਵਾਲੇ ਕੱਪੜੇ ਪਾ ਕੇ ਲੱਗ ਜਾਂਦੇ, ਸ਼ਾਮ ਨੂੰ ਛੇ ਵਜੇ ਸਾਨੂੰ ਉਨ੍ਹਾਂ ਨੂੰ ਕਹਿਣਾ ਪੈਂਦਾ, ‘‘ਕਾਕਾ, ਕੰਮ ਬੰਦ ਕਰੋ, ਅਸੀਂ ਸੈਰ ਨੂੰ ਵੀ ਜਾਣਾ।”
ਦੁਪਹਿਰ ਦੇ ਖਾਣੇ ਤੋਂ ਅੱਧੇ ਘੰਟੇ ਬਾਅਦ ਮੁੜ ਕੰਮ ਉੱਤੇ ਜੁਟ ਜਾਂਦੇ। ਕੋਈ ਉਨ੍ਹਾਂ ਦੇ ਕੰਮ ਕਰਦਿਆਂ ਦੇਖਣ ਨਹੀਂ ਸੀ ਆਉਂਦਾ ਤੇ ਨਾ ਕੋਈ ਬੰਦਾ ਉਨਾਂ ਦੀ ਕਾਰਗੁਜ਼ਾਰੀ ਨੋਟ ਕਰਦਾ ਸੀ। ਠੇਕੇਦਾਰ ਫੋਨ ਉੱਤੇ ਉਨ੍ਹਾਂ ਨੂੰ ਸਭ ਕੁਝ ਸਮਝਾ ਦਿੰਦਾ ਤੇ ਜੋ ਕੁਝ ਪੁੱਛਣਾ ਦੱਸਣਾ ਹੁੰਦਾ, ਫੋਨ ਉੱਤੇ ਹੀ ਗੱਲ ਕਰ ਲੈਂਦਾ। ਕਦੇ ਕਦੇ ਉਹ ਮੈਨੂੰ ਵੀ ਕਹਿੰਦੇ, ‘‘ਬਾਬੂ ਜੀ, ਜ਼ਰਾ ਮਾਰ ਲਓ ਨਜ਼ਰ, ਜੇ ਕੋਈ ਕਮੀ ਪੇਸ਼ੀ ਹੈ ਤਾਂ ਦੱਸ ਦਿਓ।” ਮੇਰਾ ਜਵਾਬ ਹੁੰਦਾ, ‘‘ਓ ਭਾਈ, ਤੁਸੀਂ ਕੋਈ ਕਸਰ ਛੱਡਦੇ ਹੀ ਨਹੀਂ। ਤੁਹਾਡੇ ਕੰਮ ਵਿੱਚ ਕੀ ਨੁਕਸ ਕੱਢੀਏ।” ਸੱਚਮੁੱਚ ਕੰਮ ਉਨ੍ਹਾਂ ਦਾ ਹੁੰਦਾ ਵੀ ਨਿਰਾ ਸੋਨਾ ਸੀ।
ਖੈਰ! ਸਾਨੂੰ ਦੋਵਾਂ ਜੀਆਂ ਨੂੰ ਇੰਝ ਲੱਗਾ, ਜਿਵੇਂ ਉਹ ਦੋਵੇਂ ਬਹੁਤ ਘੱਟ ਪੜ੍ਹੇ ਲਿਖੇ ਹੋਣ। ਇੱਕ ਦਿਨ ਛੁੱਟੀ ਸੀ। ਉਨ੍ਹਾਂ ਦੋਵਾਂ ਨੂੰ ਚਾਹ ਦਾ ਕੱਪ ਦਿੰਦਿਆਂ ਸਵਾਲ ਕੀਤਾ, ‘‘ਕਿੰਨੀ ਦਿਹਾੜੀ ਦੇ ਦਿੰਦਾ ਇਹ ਠੇਕੇਦਾਰ ਤੁਹਾਨੂੰ?”
‘‘ਸਾਢੇ ਚਾਰ ਸੌ ਰੁਪਏ।” ਉਨ੍ਹਾਂ ਦੀ ਦਿਹਾੜੀ ਸੁਣ ਕੇ ਮੇਰੇ ਬੁੱਲ੍ਹ ਸੀਤੇ ਗਏ, ਪਰ ਮੈਂ ਫਿਰ ਵੀ ਉਨ੍ਹਾਂ ਕੋਲੋਂ ਹੋਰ ਬਹੁਤ ਕੁਝ ਪੱਛਣ ਦਾ ਚਾਹਵਾਨ ਸੀ: ‘‘ਕਾਕਾ, ਦਿਹਾੜੀ ਤਾਂ ਬਹੁਤ ਘੱਟ ਹੈ।”
ਉਨ੍ਹਾਂ ਵਿੱਚੋਂ ਇੱਕ ਬੋਲਿਆ, ‘‘ਬੱਸ ਜੀ, ਗੁਜ਼ਾਰਾ ਹੋ ਰਿਹਾ, ਐਨਾ ਈ ਬਹੁਤ ਐ।”
ਮੇਰੇ ਜ਼ਿਹਨ ਵਿੱਚ ਸਵਾਲ ਉਨ੍ਹਾਂ ਦੀ ਪੜ੍ਹਾਈ ਲਿਖਾਈ ਬਾਰੇ ਪੁੱਛਣ ਦਾ ਸੀ। ਉਨ੍ਹਾਂ ਵਿੱਚੋਂ ਇੱਕ ਬੋਲਿਆ, ‘‘ਮੈਂ ਬੀ ਏ ਪਾਸ ਆਂ।” ਫਿਰ ਆਪਣੇ ਸਾਥੀ ਵੱਲ ਇਸ਼ਾਰਾ ਕਰ ਕੇ ਕਹਿੰਦਾ, ‘‘ਇਹਨੇ ਆਈ ਟੀ ਆਈ ਕੀਤੀ ਹੋਈ ਐ।”
ਮੈਂ ਗੱਲ ਅੱਗੇ ਤੋਰੀ, ‘‘ਕੋਈ ਨੌਕਰੀ ਨਹੀਂ ਮਿਲੀ?”
‘‘ਕਿੱਥੇ ਜੀ! ਸਰਕਾਰੀ ਨੌਕਰੀ ਲਈ ਨਾ ਸਾਡੇ ਕੋਲ ਪੈਸਾ ਤੇ ਨਾ ਕੋਈ ਜੁਗਾੜ। ਪ੍ਰਾਈਵੇਟ ਕੋਈ ਪੰਜ ਸੱਤ ਹਜ਼ਾਰ ਤੋਂ ਵੱਧ ਦਿੰਦਾ ਨਹੀਂ। ਨਾਲੇ ਮਿਲਦੀ ਵੀ ਘਰ ਤੋਂ ਦੂਰ ਐ। ਪੰਜਾਂ ਸੱਤਾਂ ਮਹੀਨਿਆਂ ਬਾਅਦ ਅਗਲੇ ਨਾਂਹ ਦੇ ਦਿੰਦੇ। ਫਿਰ ਅਗਲੀ ਨੌਕਰੀ ਤੱਕ ਘਰ ਬੈਠੋ।”
ਮੈਨੂੰ ਸਮਝ ਨਹੀਂ ਆ ਰਿਹਾ ਸੀ ਕਿ ਉਨ੍ਹਾਂ ਨੂੰ ਕੀ ਪੁੱਛਾਂ? ਲੱਗਾ, ਮੇਰੇ ਸਵਾਲ ਜਵਾਬ ਦੇ ਗਏ ਹਨ। ਫੇਰ ਵੀ ਮੈਂ ਪੁੱਛ ਲਿਆ, ‘‘ਤੁਹਾਡਾ ਕੰਮ ਕਰਨ ਦਾ ਸਮਾਂ ਮਿਥਿਆ ਹੋਇਆ ਨਹੀਂ? ਤੁਸੀਂ ਐਨੇ ਸੁਵੱਖਤੇ ਆ ਕੇ ਸ਼ਾਮ ਦੇਰ ਤੱਕ ਕੰਮ ਲੱਗੇ ਰਹਿੰਦੇ ਹੋ।”
ਉਨ੍ਹਾਂ ਵਿੱਚੋਂ ਇੱਕ ਨੇ ਜਵਾਬ ਦਿੱਤਾ, ‘‘ਪ੍ਰਾਈਵੇਟ ਕੰਮ ਐ ਜੀ। ਨਖਰੇ ਨਹੀਂ ਚੱਲਦੇ। ਠੇਕੇਦਾਰ ਝੱਟ ਕਹਿ ਦਿੰਦਾ, ਕਿਤੇ ਹੋਰ ਲੱਭ ਲਓ ਕੰਮ। ਕੰਮ ਕਰਨ ਵਾਲੇ ਉਹਦੇ ਮਗਰ ਮਗਰ ਘੁੰਮਦੇ ਨੇ।”
ਗੱਲ ਠੇਕੇਦਾਰ ਉੱਤੇ ਆਣ ਪਹੁੰਚੀ ਸੀ। ‘‘ਤੁਹਾਡਾ ਠੇਕੇਦਾਰ ਕਦੇ ਆਉਂਦਾ ਨਹੀਂ? ਨਾ ਉਹ ਕੰਮ ਚੈਕ ਕਰਦਾ।”
‘‘ਠੇਕੇਦਾਰ ਦਾ ਕੰਮ ਸਿਰਫ ਠੇਕਾ ਲੈਣਾ ਹੈ, ਬਾਕੀ ਸਾਰਾ ਕੰਮ ਸਾਡਾ ਹੁੰਦਾ ਹੈ। ਉਹ ਸਾਨੂੰ ਕੰਮ ਖਤਮ ਕਰਨ ਦੇ ਦਿਨ ਮਿਥ ਦਿੰਦਾ, ਸਾਨੂੰ ਓਨੇ ਦਿਨਾਂ ਵਿੱਚ ਕੰਮ ਖਤਮ ਕਰਨਾ ਹੀ ਪੈਂਦਾ।”
ਮੈਂ ਵਿੱਚੋਂ ਟੋਕਿਆ, ‘‘ਜੇ ਓਨੇ ਦਿਨਾਂ ਵਿੱਚ ਕੰਮ ਖਤਮ ਨਾ ਹੋਵੇ?” ਮੇਰੀ ਉਤਸੁਕਤਾ ਵਧ ਗਈ।
ਅੱਗਿਉਂ ਉਹੀ ਜਵਾਬ ਸੀ, ‘‘ਕੰਮ ਖਤਮ ਹੋਣ ਦੀ ਜ਼ਿੰਮੇਵਾਰੀ ਸਾਡੀ ਹੁੰਦੀ। ਫਿਰ ਸਾਨੂ ਵਾਧੂ ਸਮਾਂ ਲਾ ਕੇ ਕੰਮ ਮੁਕਾਉਣਾ ਪੈਂਦਾ।”
‘‘ਠੇਕੇਦਾਰ ਦੀ ਗੈਰ ਹਾਜ਼ਰੀ ਵਿੱਚ ਜੇ ਕੰਮ ਮਾੜਾ ਹੋ ਜਾਵੇ?”
‘‘ਚੰਗੇ ਕੰਮ ਦਾ ਫਿਕਰ ਐਨਾ ਠੇਕਾਦਾਰ ਨੂੰ ਨਹੀਂ ਹੁੰਦਾ, ਜਿੰਨਾ ਸਾਨੂੰ ਹੁੰਦਾ। ਮਾੜਾ ਕੰਮ ਕਰਾਂਗੇ ਤਾਂ ਮੁੜ ਕੰਮ ਨਹੀਂ ਮਿਲਣਾ।”
ਮੈਂ ਥੋੜ੍ਹਾ ਮੁੱਦੇ ਤੋਂ ਹਟ ਕੇ ਪੁੱਛਿਆ, ‘‘ਐਤਕੀਂ ਚੋਣਾਂ ਵਿੱਚ ਕਿਹੜੀ ਪਾਰਟੀ ਦੀ ਸਰਕਾਰ ਬਣੂੰ?”
ਉਨ੍ਹਾਂ ਦਾ ਜਵਾਬ ਮੁਲਕ ਦੇ ਲੋਕਤੰਤਰ ਉੱਤੇ ਵਿਅੰਗ ਸੀ, ‘‘ਸਾਨੂੰ ਕੀ ਪਤਾ ਜੀ, ਕੰਮ ਤੋਂ ਜਾ ਕੇ ਰੋਟੀ ਖਾ ਕੇ ਸੌਂ ਜਾਈਦਾ, ਸਵੇਰੇ ਉਠ ਕੇ ਫਿਰ ਕੰਮ ਉੱਤੇ।”
ਉਹ ਦੋਵੇਂ ਗੱਲ ਕਰਦੇ ਕਰਦੇ ਉਠ ਖਲੋਏ। ਉਨ੍ਹਾਂ ਇਹ ਵੀ ਪ੍ਰਵਾਹ ਨਹੀਂ ਕੀਤੀ ਕਿ ਮੇਰੀ ਗੱਲੀ ਕਿਤੇ ਅਧੂਰੀ ਨਾ ਰਹਿ ਗਈ ਹੋਵੇ। ਉਨ੍ਹਾਂ ਨੂੰ ਸ਼ਾਇਦ ਲੱਗਾ, ਜਿਵੇਂ ਉਨ੍ਹਾਂ ਦਾ ਜ਼ਿਆਦਾ ਸਮਾਂ ਖਰਾਬ ਹੋ ਗਿਆ ਹੋਵੇ। ਉਨ੍ਹਾਂ ਦੇ ਜਾਣ ਬਾਅਦ ਮੈਂ ਸੋਚ ਰਿਹਾ ਸੀ, ਇੱਕ ਪਾਸੇ ਉਹ ਸਰਕਾਰੀ ਨੌਕਰੀਆਂ ਹਨ, ਜਿਨ੍ਹਾਂ ਵਿੱਚ ਮੈਡੀਕਲ ਭੱਤਾ, ਪੇ ਕਮਿਸ਼ਨ, ਡੀ ਏ ਦੀਆਂ ਕਿਸ਼ਤਾਂ, ਘੁੰਮਣ ਫਿਰਨ ਲਈ ਸਰਕਾਰੀ ਭੱਤਾ ਅਤੇ ਹੋਰ ਛੱਤੀ ਸਹੂਲਤਾਂ ਨੇ। ਅੱਠ ਘੰਟੇ ਤੋਂ ਬਾਅਦ ਕੋਈ ਕੰਮ ਨਹੀਂ ਲੈ ਸਕਦਾ, ਜ਼ਿੰਮੇਵਾਰੀ ਸਮਝੋ, ਨਾ ਸਮਝੋ, ਤੁਹਾਡੀ ਮਰਜ਼ੀ ਉੱਤੇ ਨਿਰਭਰ ਹੈ। ਪੁੱਛਣ ਵਾਲਾ ਕੋਈ ਨਹੀਂ। ਨੌਕਰੀ ਤੋਂ ਕੋਈ ਕੱਢ ਨਹੀਂ ਸਕਦਾ। ਦੂਜੇ ਪਾਸੇ 450 ਰੁਪਏ ਦਿਹਾੜੀ, ਸਾਰਾ ਕੰਮ ਠੇਕੇਦਾਰ ਉੱਤੇ ਨਿਰਭਰ ਹੈ। ਕੰਮ ਚੰਗਾ ਨਾ ਹੋਣ ਦੀ ਸੂਰਤ ਵਿੱਚ ਮੁੜ ਕੰਮ ਨਾ ਮਿਲਣ ਦਾ ਡਰ। ਕਿੰਨਾ ਚੰਗਾ ਹੁੰਦਾ, ਇਨ੍ਹਾਂ ਦੀ ਦਿਹਾੜੀ ਦਾ ਵੀ ਸਰਕਾਰ ਨੂੰ ਫਿਕਰ ਹੁੰਦਾ।

 
Have something to say? Post your comment