ਬਰੈਂਪਟਨ, 20 ਜਨਵਰੀ (ਪੋਸਟ ਬਿਊਰੋ) : ਵੀਰਵਾਰ ਸਵੇਰੇ ਬਰੈਂਪਟਨ ਵਿੱਚ ਇੱਕ ਗੱਡੀ ਵਿੱਚੋਂ ਦੋ ਵਿਅਕਤੀਆਂ ਦੀਆਂ ਮਿਲੀਆਂ ਲਾਸ਼ਾਂ ਤੋਂ ਬਾਅਦ ਹੋਮੀਸਾਈਡ ਯੂਨਿਟ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਬੋਵੇਅਰਡ ਅਤੇ ਕ੍ਰੈਡਿਟਵਿਊ ਇਲਾਕੇ ਵਿੱਚ ਰੈੱਡਕਾਸਲ ਤੇ ਕਰਸ਼ਾਅ ਸਟਰੀਟਸ ਨੇੜੇ ਸਥਿਤ ਇੱਕ ਘਰ ਵਿੱਚੋਂ ਤੜ੍ਹਕੇ 2:00 ਵਜੇ ਵੈੱਲਨੈੱਸ ਚੈੱਕ ਲਈ ਆਈ ਕਾਲ ਤੋਂ ਬਾਅਦ ਪੁਲਿਸ ਮੌਕੇ ਉੱਤੇ ਪਹੁੰਚੀ। ਘਰ ਦੇ ਬਾਹਰ ਖੜ੍ਹੀ ਗੱਡੀ ਵਿੱਚ ਪੁਲਿਸ ਅਧਿਕਾਰੀਆਂ ਨੂੰ ਇੱਕ ਪੁਰਸ਼ ਤੇ ਮਹਿਲਾ ਜ਼ਖ਼ਮੀ ਹਾਲਤ ਵਿੱਚ ਮਿਲੇ।ਉਨ੍ਹਾਂ ਨੂੰ ਮੌਕੇ ਉੱਤੇ ਹੀ ਮ੍ਰਿਤਕ ਐਲਾਨ ਦਿੱਤਾ ਗਿਆ।
ਹੋਮੀਸਾਈਡ ਯੂਨਿਟ ਵੱਲੋਂ ਮਾਮਲੇ ਦੀ ਜਾਂਚ ਆਪਣੇ ਹੱਥ ਵਿੱਚ ਲੈ ਲਈ ਗਈ ਹੈ। ਇਲਾਕੇ ਵਿੱਚ ਭਾਰੀ ਗਿਣਤੀ ਵਿੱਚ ਪੁਲਿਸ ਅਧਿਕਾਰੀ ਮੌਜੂਦ ਸਨ।