Welcome to Canadian Punjabi Post
Follow us on

17

May 2022
 
ਭਾਰਤ

ਆਜ਼ਾਦ ਭਾਰਤ ਦੀ ਪਹਿਲੀ ਚੋਣ ਲੜਨ ਵਾਲਾ ਸਹੀ ਰਾਮ 100 ਸਾਲ ਵਿੱਚ ਵੀ ਇੱਕਦਮ ‘ਸਹੀ’

January 13, 2022 08:04 PM

ਡਬਵਾਲੀ, 13 ਜਨਵਰੀ (ਪੋਸਟ ਬਿਊਰੋ)- ਪੰਜਾਬ ਵਿਧਾਨ ਸਭਾ ਦੇ ਸਭ ਤੋਂ ਬਜ਼ੁਰਗ ਮੈਂਬਰ ਅਤੇ ਅਬੋਹਰ ਤੋਂ ਜਨਸੰਘ ਦੇ ਪਹਿਲੇ ਵਿਧਾਇਕ ਸਹੀ ਰਾਮ ਬਿਸ਼ਨੋਈ ਨੇ ਕੱਲ੍ਹ ਜੀਵਨ ਦੇ 100 ਸਾਲ ਪੂਰੇ ਕੀਤੇ। ਉਹ ਹਰਿਆਣਾ ਵਿੱਚ ਡਬਵਾਲੀ ਨੇੜੇ ਪਿੰਡ ਸਕਤਾਖੇੜਾ ਵਿੱਚ ਰਹਿੰਦੇ ਹਨ ਅਤੇ ਇਸ ਉਮਰ ਵਿੱਚ ਵੀ ਇੱਕਦਮ ਫਿੱਟ ਹਨ।
ਅੱਜ ਦੇ ਪਾਕਿਸਤਾਨੀ ਪੰਜਾਬ ਦੇ ਬਹਾਵਲਨਗਰ ਵਿੱਚ 12 ਜਨਵਰੀ 1922 ਨੂੰ ਜਨਮੇ ਸਹੀ ਰਾਮ ਬਿਸ਼ਨੋਈ ਥੋੜ੍ਹਾ ਘੱਟ ਸੁਣਦੇ ਹਨ, ਪਰ ਅੱਜ ਵੀ ਆਪਣੇ ਪੋਤਰੇ ਉਮੇਦ ਸਿੰਘ ਨਾਲ ਖੇਤੀਬਾੜੀ ਸੰਭਾਲਦੇ ਹਨ ਅਤੇ ਬਿਨਾਂ ਐਨਕ ਦੇ ਅਖਬਾਰ ਪੜ੍ਹਦੇ ਹਨ।ਉਨ੍ਹਾਂ ਦੱਸਿਆ ਕਿ ਅਬੋਹਰ ਤੋਂ ਪਹਿਲੀ ਵਾਰ 1952 ਵਿੱਚ ਆਜ਼ਾਦ ਉਮੀਦਵਾਰ ਵਜੋਂ ਚੋਣ ਲੜੀ ਸੀ, ਪਰ ਜਿੱਤ ਨਹੀਂ ਸਨ ਸਕੇ। ਫਿਰ 1957 ਵਿੱਚ ਅਬੋਹਰ ਤੋਂ ਜਨਸੰਘ ਦੀ ਟਿਕਟ ਉੱਤੇ ਚੋਣ ਜਿੱਤ ਕੇ ਪ੍ਰਕਾਸ਼ ਸਿੰਘ ਬਾਦਲ ਦੇ ਨਾਲ ਵਿਧਾਨ ਸਭਾ ਪਹੁੰਚੇ। ਓਦੋਂ ਉਨ੍ਹਾਂ ਸਮੇਤ ਜਨਸੰਘ ਦੇ ਛੇ ਵਿਧਾਇਕ ਪੰਜਾਬ ਤੋਂ ਜਿੱਤੇ ਸਨ। ਕੱਲ੍ਹ ਜਨਮ ਦਿਨ ਮਨਾਉਣ ਵੇਲੇ ਸਾਬਕਾ ਵਿਧਾਇਕ ਬਿਸ਼ਨੋਈ ਨੇ ਦੱਸਿਆ ਕਿ ਸਵੇਰੇ ਉਠ ਕੇ ਹਲਕਾ ਗਰਮ ਪਾਣੀ ਪੀਂਦੇ ਹਨ ਅਤੇ ਨਿੰਮ ਦੀ ਦਾਤਣ ਕਰਦੇ ਹੋਏ ਟਹਿਲਦੇ ਹਨ। ਦਿਨ ਚੜ੍ਹਨ ਉੱਤੇਇੱਕ ਗਿਲਾਸ ਗਾਂ ਦਾ ਦੁੱਧ ਪੀਂਦੇ ਹਨ ਤੇ ਦੁਪਹਿਰ ਤਕ ਬਾਗਬਾਨੀ ਅਤੇ ਸਬਜ਼ੀ-ਬਾੜੀ ਵਿੱਚ ਕੰਮ ਕਰਦੇ ਹਨ। ਭੋਜਨ ਵਿੱਚ ਸਾਧਾਰਨ ਦਾਲ ਤੇ ਸਬਜ਼ੀਆਂ ਅਤੇ ਰੋਟੀਆਂ ਦੇ ਨਾਲ ਕੁਝ ਲੱਸੀ ਪੀਂਦੇ ਹਨ, ਚਾਹ ਨਹੀਂ ਪੀਂਦੇ। ਉਹ ਸ਼ਾਮ ਕਰੀਬ ਚਾਰ ਵਜੇ ਇੱਕ ਗਿਲਾਸ ਦੁੱਧ ਹੋਰ ਲੈਂਦੇ ਹਨ। ਸ਼ਾਮ ਛੇ ਵਜੇ ਇੱਕ ਘੰਟਾ ਪੂਜਾ-ਪਾਠ ਕਰਦੇ ਅਤੇ ਸ਼ਾਮ ਨੂੰ ਖਾਣਾ ਖਾਣ ਪਿੱਛੋਂ ਖੇਤ ਵਿੱਚ ਟਹਿਲਦੇ ਹਨ। 1947 ਵਿੱਚ ਵੰਡ ਦੌਰਾਨ ਉਹ ਲਾਹੌਰ ਦੇ ਲਾਅ ਕਾਲਜ ਵਿੱਚ ਪੜ੍ਹਦੇ ਸਨ। ਉਹ ਪਿੰਡ ਪਹੁੰਚ ਕੇ ਦੰਗਿਆਂ ਦੌਰਾਨ ਸਮਾਜ ਦੇ ਲੋਕਾਂ ਨੂੰ ਇਧਰ ਲਿਆਏ। ਸਮਾਜ ਦੇ ਲੋਕਾਂ ਨੂੰ ਰਾਜਸਥਾਨ ਅਤੇ ਪੰਜਾਬ ਦੇ ਸਰਹੱਦੀ ਪਿੰਡਾਂ ਹਰੀਪੁਰਾ ਅਤੇ ਦੀਵਾਨਖੇੜਾ ਵਿੱਚ ਵਸਾਇਆ।

 
Have something to say? Post your comment
ਹੋਰ ਭਾਰਤ ਖ਼ਬਰਾਂ