Welcome to Canadian Punjabi Post
Follow us on

19

May 2022
ਬ੍ਰੈਕਿੰਗ ਖ਼ਬਰਾਂ :
ਟਾਂਡਾ ਦੀ ਸੇਜਲ ਪੁਰੀ ਅਮਰੀਕਾ ਵਿੱਚ ਮਿਸ ਇੰਡੀਆ ਕੈਲੀਫੋਰਨੀਆ ਬਣੀਕੈਬਨਿਟ ਵੱਲੋਂ ਸ਼ਾਨਦਾਰ ਸੇਵਾਵਾਂ ਨਿਭਾਉਣ ਵਾਲੇ ਪੁਰਸਕਾਰ ਜੇਤੂਆਂ ਲਈ ਰਾਸ਼ੀ ਵਧਾਉਣ ਦੀ ਪ੍ਰਵਾਨਗੀਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਝੋਨੇ ਦੀ ਲੁਆਈ ਲਈ ਸਮਾਂ-ਸਾਰਨੀ ’ਚ ਬਦਲਾਅ ਕਰਕੇ 14 ਤੇ 17 ਜੂਨ ਦੀਆਂ ਨਵੀਆਂ ਤਰੀਕਾਂ ਦਾ ਐਲਾਨਵੱਖ ਵੱਖ ਖੇਤਰਾਂ ’ਚ ਮੱਲਾਂ ਮਾਰਨ ਵਾਲਿਆਂ ਦਾ ਇੰਟਰਪ੍ਰੀਨਿਓਰ ਐਂਡ ਅਚੀਵਰ ਐਵਾਰਡ - 2022 ਨਾਲ ਸਨਮਾਨਡਾ. ਵਿਜੈ ਸਿੰਗਲਾ ਵੱਲੋਂ ਆਈ.ਐਮ.ਏ. ਦੇ ਵਫ਼ਦ ਨੂੰ ਆਯੂਸ਼ਮਾਨ ਸਿਹਤ ਬੀਮਾ ਯੋਜਨਾ ਅਧੀਨ ਬਕਾਇਆ ਦੀ ਅਦਾਇਗੀ ਜਲਦ ਕਰਨ ਦਾ ਭਰੋਸਾਲਾਈਵ ਸਟ੍ਰੀਮਡ ‘‘ਕਰੀਅਰ ਟਾਕ’’ ਨੂੰ ਸੋਸ਼ਲ ਮੀਡੀਆ ’ਤੇ ਮਿਲਿਆ ਭਰਵਾਂ ਹੁੰਗਾਰਾਮੰਤਰੀ ਮੰਡਲ ਵੱਲੋਂ ਝੋਨੇ ਦੀ ਸਿੱਧੀ ਬਿਜਾਈ ਦੀ ਤਕਨੀਕ ਅਪਣਾਉਣ ਵਾਲੇ ਕਿਸਾਨਾਂ ਦਾ ਉਤਸ਼ਾਹ ਵਧਾਉਣ ਲਈ ਪ੍ਰਤੀ ਏਕੜ 1500 ਰੁਪਏ ਦੇਣ ਦੀ ਪ੍ਰਵਾਨਗੀਮੋਹਾਲੀ ਵਿੱਚ ਕਿਸਾਨਾਂ ਦਾਪੱਕਾ ਧਰਨਾ ਸ਼ੁਰੂ, ਕਈ ਵੱਡੇ ਐਲਾਨ ਕੀਤੇ ਗਏ
 
ਨਜਰਰੀਆ

ਤਪਸ਼

January 09, 2022 09:36 PM

-ਪ੍ਰੀਤਮਾ ਦੋਮੇਲ
ਪਿਛਲੇ ਸਾਲ ਦੀ ਗੱਲ ਹੈ, ਅਲਾਹਾਬਾਦ ਤੋਂ ਚੰਡੀਗੜ੍ਹ ਆ ਰਹੀ ਸਾਂ। ਯੂ ਪੀ ਦੀਆਂ ਗੱਡੀਆਂ ਦੇ ਚੱਲਣ ਦਾ ਕੋਈ ਟਾਈਮ ਨਹੀਂ, ਉਸੇ ਹਿਸਾਬ ਨਾਲ ਪਹੁੰਚਣ ਦਾ ਕੋਈ ਟਾਈਮ ਨਹੀਂ ਹੁੰਦਾ। ਮੇਰੀ ਗੱਡੀ ਨੇ ਪ੍ਰਯਾਗ ਤੋਂ ਬਾਅਦ ਦੁਪਹਿਰ 1.52 ਉੱਤੇ ਚੱਲਣਾ ਸੀ, ਪਰ ਤਿੰਨ ਵੱਜ ਗਏ, ਫਿਰ ਚਾਰ ਵਜੇ ਵੀ ਗੱਡੀ ਦਾ ਕੋਈ ਥਹੁ-ਪਤਾ ਨਹੀਂ ਸੀ। ਸਭ ਬੈਂਚ ਭਰੇ ਹੋਏ। ਯੂ ਪੀ ਦੇ ਲੋਕਾਂ ਦੀ ਇੱਕ ਖਾਸੀਅਤ ਇਹ ਵੀ ਹੈ ਕਿ ਉਹ ਸਿਰਫ ਆਪਣੇ ਲਈ ਸੋਚਦੇ ਹਨ, ਹੋਰਨਾਂ ਲਈ ਨਹੀਂ, ਜਿਹੜਾ ਬੰਦਾ ਕਿਸੇ ਬੈਂਚ ਉੱਤੇ ਬੈਠ ਜਾਵੇ ਤਾਂ ਸਮਝੋ ਸਾਰਾ ਬੈਂਚ ਉਸੇ ਦਾ ਹੋ ਗਿਆ। ਅੱਧੇ ਵਿੱਚ ਉਹ ਆਪਣਾ ਸਾਮਾਨ ਰੱਖ ਲੈਂਦਾ ਹੈ ਤੇ ਬਾਕੀ ਅੱਧੇ ਵਿੱਚ ਪੈਰ ਪਸਾਰ ਕੇ ਲੇਟ ਜਾਵੇਗਾ। ਉਠਣ ਲਈ ਕਹੋ ਤਾਂ ਅੱਗਿਓਂ ਲੜਨ ਨੂੰ ਤਿਆਰ। ਸੁਣ ਕੇ ਅਸੀਂ ਲੋਕ ਤਾਂ ਚੁੱਪ ਕਰ ਕੇ ਪਾਸਾ ਵੱਟ ਜਾਂਦੇ ਹਾਂ, ਜੇ ਕੋਈ ਉਸੇ ਵਰਗੇ ਨਾਲ ਪੇਚਾ ਪੈ ਜਾਏ ਤਾਂ ਹੋਰ ਗੱਲ ਹੈ।
ਅਖੀਰ ਪੰਜ ਕੁ ਵਜੇ ਗੱਡੀ ਆ ਗਈ, ਮਸਾਂ ਪੰਜ ਕੁ ਮਿੰਟ ਰੁਕ ਕੇ ਕਾਹਲੀ ਨਾਲ ਤੁਰਦੀ ਹੋਈ। ਕਈ ਘੰਟੇ ਖੜ੍ਹੀ ਰਹਿਣ ਕਰ ਕੇ ਬਹੁਤ ਥੱਕ ਗਈ ਸਾਂ। ਸੋ, ਸੀਟ ਤੇ ਬੈਠਦਿਆਂ ਹੀ ਸੌਂ ਗਈ। ਹਨੇਰਾ ਹੋ ਗਿਆ ਤਾਂ ਮੈਨੂੰ ਜਾਗ ਆਈ। ਕਿਸੇ ਪਿੰਡ ਦਾ ਕੋਈ ਛੋਟਾ ਜਿਹਾ ਸਟੇਸ਼ਨ ਸੀ। ਪਤਾ ਲੱਗਾ, ਇਸੇ ਪਿੰਡ ਦੇ ਨਾਂਅ ਉੱਤੇ ਇਸ ਐਕਸਪ੍ਰੈਸ ਗੱਡੀ ਦਾ ਨਾਂਅ ਹੈ। ਉਸੇ ਵੇਲੇ ਪਹੀਆਂ ਵਾਲਾ ਅਟੈਚੀ ਰੇੜ੍ਹਦੀ ਇਸਤਰੀ ਸਾਹਮਣੇ ਵਾਲੀ ਖਾਲੀ ਸੀਟ ਉੱਤੇ ਆਣ ਬੈਠੀ। ਉਸ ਨੇ ਡੱਬੇ ਅੰਦਰ ਚੁਫੇਰੇ ਨਜ਼ਰ ਦੁੜਾਈ, ਫਿਰ ਬੋਤਲ ਵਿੱਚੋਂ ਦੋ ਘੁੱਟ ਪਾਣੀ ਪੀਤਾ ਤੇ ਬੜੇ ਪਿਆਰੇ ਅੰਦਾਜ਼ ਵਿੱਚ ਮੈਨੂੰ ‘ਹੈਲੋ’ ਕਹੀ ਤੇ ਫਿਰ ਢੋਹ ਲਾ ਕੇ ਆਪਣੀ ਸੀਟ ਉੱਤੇ ਲੇਟ ਗਈ। ਕਾਨਪੁਰ ਆ ਗਿਆ, ਅਸੀਂ ਦੋਵਾਂ ਨੇ ਆਪੋ ਆਪਣੇ ਟਿਫਨ ਖੋਲ੍ਹ ਕੇ ਖਾਣਾ ਖਾਧਾ ਤੇ ਬਿਸਤਰ ਵਿਛਾ ਕੇ ਲੇਟ ਗਈਆਂ। ਕਾਫੀ ਦੇਰ ਲੰਘ ਗਈ, ਨੀਂਦ ਨਹੀਂ ਸੀ ਆ ਰਹੀ, ਆਖਰ ਉਹ ਉਠ ਕੇ ਬੈਠ ਗਈ ਤੇ ਬੋਲੀ, ‘ਲਗਤਾ ਹੈ ਨੀਂਦ ਆਪ ਕੋ ਭੀ ਨਹੀਂ ਆ ਰਹੀ।’ ਮੈਂ ਵੀ ਅਧਲੇਟੀ ਜਿਹੀ ਹੋ ਗਈ, ‘ਬੱਸ ਨੀਂਦ ਕਮ ਆਤੀ ਹੈ, ਸ਼ਾਇਦ ਉਮਰ ਦਾ ਤਕਾਜ਼ਾ ਹੈ।’ ਉਹਨੇ ਵਿੱਚੋਂ ਹੀ ਟੋਕਿਆ, ‘ਦੇਖੋ, ਉਮਰ ਕੋ ਬੀਚ ਮੇਂ ਮਤ ਲਾਓ, ਨੀਂਦ ਨਾ ਆਨੇ ਕੇ ਕਈ ਕਾਰਨ ਹੋਤੇ ਹੈ।’ ਮੈਂ ਉਹਦੀ ਗੱਲ ਸੁਣ ਕੇ ਹੱਸ ਪਈ, ‘ਅਰੇ, ਆਪ ਤੋ ਬਿਲਕੁਲ ਡਾਕਟਰੋਂ ਕੀ ਤਰਹ ਬਾਤੇਂ ਕਰ ਰਹੀ ਹੈਂ।’ ‘ਹਾਂ ਮੈਂ ਡਾਕਟਰ ਹੂੰ! ਇਸੀ ਜਗ੍ਹਾ ਕੇ ਪਾਵਰ ਪ੍ਰੋਜੈਕਟ ਮੇਂ ਡਾਕਟਰ ਹੂੰ, ਯਹਾਂ ਕਈ ਸਾਲੋਂ ਸੇ ਹੂੰ।’
ਫਿਰ ਗੱਲਾਂ ਦਾ ਸਿਲਸਿਲਾ ਚੱਲ ਪਿਆ। ਉਹ ਐੱਮ ਡੀ ਸੀ ਅਤੇ ਤਕਰੀਬਨ 20 ਸਾਲਾਂ ਤੋਂ ਨੌਕਰੀ ਕਰ ਰਹੀ ਸੀ, ਦਿੱਲੀ ਦੀ ਰਹਿਣ ਵਾਲੀ ਸੀ ਤੇ ਸਾਹਿਤ ਵਿੱਚ ਰੁਚੀ ਸੀ। ਅੰਗਰੇਜ਼ੀ ਹਿੰਦੀ ਦੇ ਪ੍ਰਸਿੱਧ ਲੇਖਕ ਉਹਨੇ ਪੜ੍ਹੇ ਹੋਏ ਸਨ। ਮੇਰੀ ਬਾਬਤ ਵੀ ਉਹਨੇ ਬਹੁਤ ਸਾਰੇ ਸਵਾਲ ਪੁੱਛੇ, ਮੈਂ ਕਿਹੜੇ ਵਿਸ਼ਿਆਂ ਉੱਤੇ ਲਿਖਦੀ ਆਂ? ਲਿਖਣ ਦੀ ਪ੍ਰੇਰਨਾ ਕਿੱਥੋਂ ਮਿਲੀ? ਕਿਹੜੀਆਂ ਕਿਤਾਬਾਂ ਛਪੀਆਂ ਹਨ? ਫਿਰ ਮੈਂ ਉਸ ਕੋਲੋਂ ਉਹਦੇ ਕੰਮ ਬਾਰੇ ਕਈ ਗੱਲਾਂ ਪੁੱਛੀਆਂ। ਮੇਰਾ ਇੱਕ ਸਵਾਲ ਸੀ, ‘‘ਡਾਕਟਰ ਸਾਹਿਬਾ, ਕੋਈ ਇੱਦਾਂ ਦੀ ਘਟਨਾ ਤੁਹਾਡੀ ਜ਼ਿੰਦਗੀ ਵਿੱਚ ਵਾਪਰੀ ਹੈ, ਜਿਸ ਨੂੰ ਤੁਸੀਂ ਭੁੱਲ ਨਾ ਸਕੇ ਹੋਵੋ, ਤੇ ਯਾਦ ਆਉਣ ਤੇ ਤੁਸੀਂ ਬਹੁਤ ਖੁਸ਼ ਜਾਂ ਦੁਖੀ ਹੁੰਦੇ ਹੋਵੋ।”
ਉਹ ਉਦਾਸ ਹੋ ਗਈ, ‘‘ਹਾਂ, ਹੈ ਇੱਕ ਅਜਿਹੀ ਘਟਨਾ, ਜਿਸ ਨੂੰ ਕਦੇ ਭੁੱਲ ਨਹੀਂ ਸਕਦੀ। ਯਾਦ ਕਰ ਕੇ ਰੋਣਾ ਵੀ ਆਉਂਦਾ ਤੇ ਗੁੱਸਾ ਵੀ।” ਮੇਰੇ ਆਖਣ ਉੱਤੇ ਉਹਨੇ ਕਿੱਸਾ ਬਿਆਨ ਕਰ ਦਿੱਤਾ, ‘‘ਸਾਡੇ ਉਸ ਕਸਬੇ ਵਿੱਚ ਵੱਡੇ ਵੱਡੇ ਬਾਇਲਰ ਹਨ। ਕਈ ਅੱਧੇ ਅੱਧੇ ਏਕੜ ਵਿੱਚ ਹਨ, ਉੱਚਾਈ ਵੀ ਵਾਹਵਾ। ਇਨ੍ਹਾਂ ਅੰਦਰਲੀ ਸਮੱਗਰੀ ਬਿਜਲੀ ਬਣਾਉਣ ਦੇ ਕੰਮ ਆਉਂਦੀ ਹੈ। ਸਮੇਂ ਸਮੇਂ ਇਨ੍ਹਾਂ ਦੀ ਮੁਰੰਮਤ ਹੁੰਦੀ ਰਹਿੰਦੀ ਹੈ। ਮੈਂ ਜਿਸ ਬਾਇਲਰ ਦੀ ਗੱਲ ਕਰ ਰਹੀ ਹਾਂ, ਉਸ ਦੀ ਦੇਖਭਾਲ ਕਰਨ ਵਾਲੇ ਕਰਮਚਾਰੀਆਂ ਨੇ ਅਫਸਰ ਨਾਲ ਗੱਲ ਕੀਤੀ, ਬਈ ਉਸ ਦੀ ਬਾਹਰਲੀ ਪਰਤ ਕਈ ਜਗ੍ਹਾ ਉੱਤੇ ਕਮਜ਼ੋਰ ਹੋ ਚੁੱਕੀ ਹੈ, ਫਟ ਜਾਣ ਦਾ ਖਤਰਾ ਹੈ। ਰਿਪੋਰਟ ਕਈ ਜਗ੍ਹਾ ਤੋਂ ਭੁਰਦੀ ਭੁਰਦੀ ਭੇਜ ਦਿੱਤੀ। ਕਲਰਕਾਂ ਨੋਟਿੰਗ ਚੜ੍ਹਾ ਕੇ ਅੱਗੇ ਸਰਕਾ ਦਿੱਤੀ। ਬਾਇਲਰ ਦੀ ਦੇਖਭਾਲ ਕਰਨ ਵਾਲੇ ਮੁਲਾਜ਼ਮ ਬੇਹੱਦ ਪ੍ਰੇਸ਼ਾਨ! ਬਾਇਲਰ ਫਟਣ ਦਾ ਖਤਰਾ ਵਧ ਰਿਹਾ ਸੀ। ਇੱਕ ਦਿਨ ਉਹ ਮੇਰੇ ਕੋਲ ਆਏ ਤੇ ਸਾਰੇ ਹਾਲਾਤ ਤੋਂ ਵਾਕਿਫ ਕਰਾਇਆ ਕਿ ਬਾਇਲਰ ਤੁਰੰਤ ਬੰਦ ਕੀਤਾ ਜਾਏ, ਨਹੀਂ ਤਾਂ ਇਹ ਕਿਸੇ ਵੀ ਸਮੇਂ ਫਟ ਸਕਦਾ ਹੈ। ਮੈਂ ਬਹੁਤ ਡਰ ਗਈ। ਖੈਰ, ਦੌੜ-ਭੱਜ ਕਰ ਕੇ ਕੇਸ ਜ਼ਿਲੇ ਦੇ ਦਫਤਰ ਵਿੱਚੋਂ ਕਢਵਾਇਆ। ਉਨ੍ਹਾਂ ਦੱਸਿਆ, ਇਹ ਤਾਂ ਸੈਂਟਰ ਦਾ ਪ੍ਰੋਜੈਕਟ ਹੈ, ਉਹੀ ਮੁਰੰਮਤ ਦੇ ਹੁਕਮ ਕਰਨਗੇ। ਬੜੀ ਕੋਸ਼ਿਸ਼ ਕਰ ਕੇ ਕੇਸ ਸੈਂਟਰ ਵਿੱਚ ਪੁੱਜਦਾ ਕੀਤਾ, ਪਰ ਬਣਿਆ ਉਥੇ ਵੀ ਕੁਝ ਨਹੀਂ, ਅਖੀਰ ਉਹ ਬਾਇਲਰ ਫਟ ਗਿਆ। ਉਫ! ਕਿੰਨੀਆਂ ਜਾਨਾਂ ਗਈਆਂ, ਉਨ੍ਹਾਂ ਬਾਬਤ ਪ੍ਰੋਜੈਕਟ ਵਾਲੇ ਹੀ ਦੱਸ ਸਕਦੇ ਹਨ, ਪਰ ਜੋ ਜ਼ਖਮੀ ਹੋਏ ਤੇ ਜਿਸ ਹਾਲਤ ਵਿੱਚ ਮੇਰੇ ਕੋਲ ਆਏ, ਬੱਸ ਮੈਂ ਉਹ ਦਿ੍ਰਸ਼ ਬਿਆਨ ਨਹੀਂ ਕਰ ਸਕਦੀ। ਮੈਂ ਬੱਸ ਮਰ ਮਰ ਕੇ ਜੀਵੀ, ਤੇ ਕਿੰਨੀਆਂ ਹੀ ਰਾਤਾਂ ਸੌਂ ਨਹੀਂ ਸਕੀ, ਨਾ ਮੇਰੇ ਅੰਦਰ ਰੋਟੀ ਦੀ ਇੱਕ ਵੀ ਬੁਰਕੀ ਗਈ। ਫਿਰ ਕੇਸ ਦੀ ਪੜਤਾਲ ਹੋਈ। ਸਾਰਾ ਦੋਸ਼ ਦੇਖਭਾਲ ਕਰਨ ਵਾਲੇ ਕਰਮਚਾਰੀਆਂ ਉੱਤੇ ਮੜ੍ਹ ਦਿੱਤਾ। ਉਨ੍ਹਾਂ ਉੱਤੇ ਬੜਾ ਗੰਭੀਰ ਕੇਸ ਚੱਲ ਰਿਹਾ ਹੈ, ਜਾਪਦਾ ਹੈ, ਉਨ੍ਹਾਂ ਨੂੰ ਜ਼ਰੂਰ ਕੋਈ ਭਿਆਨਕ ਸਜ਼ਾ ਮਿਲੇਗੀ। ਕੇਸ ਨੂੰ ਅੱਗੇ ਤੋਂ ਅੱਗੇ ਸਰਕਾਉਣ ਵਾਲੇ ਦਫਤਰਾਂ ਦੇ ਕਲਰਕਾਂ ਅਤੇ ਸੈਂਟਰ ਵਾਲਾ ਉਪਰਲਾ ਅਮਲਾ-ਫੈਲਾ, ਸਭ ਸਾਫ ਬਚ ਗਿਆ। ਮੈਂ ਅੱਜ ਤੱਕ ਉਨ੍ਹਾਂ ਤੜਫਦੇ ਲੋਕਾਂ ਨੂੰ ਭੁੱਲ ਨਹੀਂ ਸਕੀ, ਅਗਾਂਹ ਬੇਗੁਨਾਹਾਂ ਨਾਲ ਬੇਇਨਸਾਫੀ ਹੋ ਰਹੀ ਹੈ। ਉਫ...।”
ਮੈਂ ਪਾਣੀ ਦਾ ਘੁੱਟ ਪੀਤਾ, ਸੋਚਣ ਲੱਗੀ, ਕਿੱਡਾ ਹਨੇਰ ਹੈ, ਜਿਨ੍ਹਾਂ ਦਾ ਕੋਈ ਕਸੂਰ ਨਹੀਂ, ਉਹ ਦੋਸ਼ੀ, ਤੇ ਦੋਸ਼ੀ ਮੌਜਾਂ ਕਰ ਰਹੇ ਨੇ। ਇੰਨਾ ਜ਼ੁਲਮ। ਪਤਾ ਨਹੀਂ, ਕਦੋਂ ਇਸ ਮੁਲਕ ਦਾ ਕਾਨੂੰਨ ਬਦਲੇਗਾ ਤੇ ਲੋਕਾਂ ਨੂੰ ਇਨਸਾਫ ਮਿਲੇਗਾ, ਤੇ ਅਪਰਾਧੀਆਂ ਨੂੰ ਸਜ਼ਾ ਮਿਲੇਗੀ। ਡਾਕਟਰ ਆਖਦੀ ਸੀ ਕਿ ਇਸ ਹਾਦਸੇ ਨਾਲ ਉਸ ਦੇ ਦਿਲ ਵਿੱਚ ਜੋ ਜ਼ਖਮ ਹੋ ਗਏ ਸਨ, ਉਨ੍ਹਾਂ ਨੂੰ ਯਾਦ ਕਰ ਕੇ ਉਸ ਦੇ ਜਿਸਮ ਉਤੇ ਜਲਦੇ ਅੰਗਿਆਰਿਆਂ ਦੀ ਤਪਸ਼ ਮਹਿਸੂਸ ਹੁੰਦੀ ਹੈ। ਮੈਂ ਭਾਵੇਂ ਉਹ ਸਾਰਾ ਕੁਝ ਨਹੀਂ ਦੇਖਿਆ, ਸਿਰਫ ਸੁਣਿਆ ਸੀ, ਮੇਰੇ ਬਦਨ ਉਤੇ ਉਸ ਜਲਨ ਦਾ ਸੇਕ ਅੱਜ ਵੀ ਪ੍ਰੇਸ਼ਾਨ ਕਰ ਦਿੰਦਾ ਹੈ, ਫਿਰ ਮੇਰੀ ਨੀਂਦ ਕਿਧਰੇ ਗੁੰਮ ਜਾਂਦੀ ਹੈ, ਜਿਵੇਂ ਉਸ ਰਾਤ ਮੇਰੀ ਤੇ ਉਸ ਡਾਕਟਰ ਦੀ ਗੁੰਮ ਹੋ ਗਈ ਸੀ। ਉਦੋਂ ਅਸੀਂ ਦੋਵੇਂ ਰਾਤ ਭਰ ਸੌਂ ਨਹੀਂ ਸਕੀਆਂ।

 
Have something to say? Post your comment