Welcome to Canadian Punjabi Post
Follow us on

17

May 2022
 
ਮਨੋਰੰਜਨ

ਲੋਕ ਮੈਨੂੰ ਸਿਰਫ ਗਲੈਮਰਸ ਅਭਿਨੇਤਰੀ ਵਜੋਂ ਨਾ ਦੇਖਣ : ਲਾਰਾ ਦੱਤਾ

January 05, 2022 02:03 AM

ਕਈ ਫਿਲਮਾਂ ਅਤੇ ਵੈੱਬ ਸੀਰੀਜ਼ ਵਿੱਚ ਕੰਮ ਕਰਨ ਵਾਲੀ ਅਭਿਨੇਤਰੀ ਲਾਰਾ ਦੱਤਾ ਵੈੱਬ ਸੀਰੀਜ਼ ‘ਕੌਣ ਬਣੇਗੀ ਸ਼ਿਖਰਵਤੀ’ ਵਿੱਚ ਰਾਜਕੁਮਾਰੀ ਦੇਵਿਆਨੀ ਦੇ ਕਿਰਦਾਰ ਵਿੱਚ ਨਜ਼ਰ ਆਏਗੀ। ਇਹ ਸ਼ੋਅ ਸੱਤ ਜਨਵਰੀ ਤੋਂ ਜੀ5 ਉੱਤੇ ਸਟ੍ਰੀਮਿੰਗ ਲਈ ਉਪਲਬਧ ਹੋਵੇਗਾ। ਲਾਰਾ ਨਾਲ ਨਵੇਂ ਸਾਲ ਦੀਆਂ ਉਮੀਦਾਂ, ਇਸ ਸ਼ੋਅ ਅਤੇ ਉਨ੍ਹਾਂ ਦੇ ਕਰੀਅਰ ਬਾਰੇ ਗੱਲਬਾਤ ਹੋਈ। ਪੇਸ਼ ਹਨ ਉਸੇ ਗੱਲਬਾਤ ਦੇ ਕੁਝ ਅੰਸ਼ :
* ਇਸ ਸਾਲ ਤੋਂ ਕੀ ਉਮੀਦਾਂ ਹਨ?
-ਨਿੱਜੀ ਤੌਰ ਉੱਤੇ ਬੀਤੇ ਦੋ ਸਾਲ ਸਭ ਲਈ ਬਹੁਤ ਮੁਸ਼ਕਲ ਰਹੇ ਹਨ। ਕਿਸੇ ਨੇ ਅਜਿਹੀ ਭਿਆਨਕ ਸਥਿਤੀ ਬਾਰੇ ਨਹੀਂ ਸੋਚਿਆ ਸੀ। ਪੇਸ਼ੇਵਰ ਤੌਰ ਉੱਤੇ ਦੇਖੀਏ ਤਾਂ ਮੇਰੀ ਖੁਸ਼ਨਸੀਬੀ ਹੈ ਕਿ ਇਨ੍ਹੀਂ ਦਿਨੀਂ ਵੀ ਮੈਨੂੰ ਇੰਨਾ ਕੰਮ ਮਿਲਿਆ ਕਿ ਕੋਰੋਨਾ ਤੋਂ ਡਰਨ ਜਾਂ ਘਬਰਾਉਣ ਦਾ ਸਮਾਂ ਨਹੀਂ ਮਿਲਿਆ। ਫਿਲਹਾਲ ਤਾਂ ਮੈਨੂੰ ਛੱਪਰ ਪਾੜ ਕੇ ਕੰਮ ਮਿਲ ਰਿਹਾ ਹੈ।
* ਡਿਜੀਟਲ ਪਲੇਟਫਾਰਮ ਨੂੰ ਨਵੇਂ ਦੌਰ ਦੀ ਸ਼ੁਰੂਆਤ ਮੰਨੋਗੇ।
-ਆਪਣੀ ਬੇਟੀ ਸਾਰਾ ਦੇ ਜਨਮ ਦੇ ਬਾਅਦ ਮੈਂ ਘੱਟ ਤੋਂ ਚਾਰ-ਪੰਜ ਸਾਲਾਂ ਦਾ ਛੋਟਾ ਜਿਹਾ ਬਰੇਕ ਲਿਆ ਸੀ। ਜਦ ਮੈਨੂੰ ਲੱਗਾ ਕਿ ਮੇਰੀ ਬੇਟੀ ਥੋੜ੍ਹੀ ਵੱਡੀ ਹੋ ਗਈ ਹੈ ਅਤੇ ਮੈਨੂੰ ਆਪਣਾ ਕੰਮ ਸ਼ੁੁਰੂ ਕਰਨਾ ਚਾਹੀਦੈ, ਤਾਂ ਖੁਸ਼ਕਿਸਮਤੀ ਨਾਲ ਉਸ ਸਮੇਂ ਭਾਰਤ ਵਿੱਚ ਡਿਜੀਟਲ ਪਲੇਟਫਾਰਮ ਆ ਚੁੱਕਾ ਸੀ। ਮੇਰੇ ਤੋਂ ਦਸ ਸਾਲ ਪਹਿਲਾਂ ਜੋ ਅਭਿਨੇਤਰੀਆਂ ਆਈਆਂ ਸਨ, ਉਨ੍ਹਾਂ ਲਈ ਵਿਆਹ ਕਰਨ ਦੇ ਬਾਅਦ ਜਾਂ ਤੀਹ-ਪੈਂਤੀ ਸਾਲ ਦੀ ਉਮਰ ਪਾਰ ਕਰਨ ਦੇ ਬਾਅਦ ਡਿਜੀਟਲ ਪਲੇਟਫਾਰਮ ਵਰਗਾ ਮੌਕਾ ਨਹੀਂ ਸੀ। ਨੀਨਾ ਗੁਪਤਾ, ਰਤਨਾ ਪਾਠਕ ਸ਼ਾਹ ਆਦਿ ਅਭਿਨੇਤਰੀਆਂ ਬਹੁਤ ਵਧੀਆ-ਵਧੀਆ ਕਿਰਦਾਰ ਨਿਭਾ ਰਹੀਆਂ ਹਨ।
* ਬੇਟੀ ਨੂੰ ਵਕਤ ਨਾ ਦੇ ਸਕਣ ਦਾ ਮਲਾਲ ਨਹੀਂ ਹੁੰਦਾ?
- ਮੇਰੀ ਜ਼ਿੰਦਗੀ ਵਿੱਚ ਕੰਮ ਅਤੇ ਪਰਵਾਰ ਨੂੰ ਲੈ ਕੇ ਸੰਤੁਲਨ ਹਮੇਸ਼ਾ ਬਣਿਆ ਰਹਿੰਦਾ ਹੈ। ਮਹੇਸ਼ (ਪਤੀ ਮਹੇਸ਼ ਭੂਪਤੀ) ਅਤੇ ਮੇਰੇ ਵਿੱਚ ਇੱਕ ਆਪਸੀ ਸਮਝ ਹੈ। ਅਸੀਂ ਸਾਰਾ ਦੇ ਪੈਦਾ ਹੋਣ ਤੋਂ ਪਹਿਲਾਂ ਤੈਅ ਕੀਤਾ ਸੀ ਕਿ ਸਾਡੇ ਵਿੱਚੋਂ ਜਦ ਵੀ ਕੋਈ ਇੱਕ ਕੰਮ ਵਿੱਚ ਬਿਜ਼ੀ ਹੋਵੇਗਾ ਤਾਂ ਦੂਸਰਾ ਉਸ ਦੇ ਨਾਲ ਹੀ ਰਹੇਗਾ।
* ‘ਕੌਣ ਬਣੇਗੀ ਸ਼ਿਖਰਾਵਤੀ’ ਦੀ ਸਕ੍ਰਿਪਟ ਸੁਣਨ ਦੇ ਬਾਅਦ ਮਨ ਵਿੱਚ ਸਭ ਤੋਂ ਪਹਿਲਾਂ ਸਵਾਲ ਕੀ ਆਇਆ ਸੀ?
- ਇਹ ਬਹੁਤ ਮਜ਼ੇਦਾਰ ਅਤੇ ਮੌਜੂਦਾ ਦੌਰ ਵਿੱਚ ਡਿਜੀਟਲ ਪਲੇਟਫਰਮ ਉੱਤੇ ਦਿਖਾਏ ਜਾਂਦੇ ਸ਼ੋਜ਼ ਤੋਂ ਬਿਲਕੁਲ ਅਲੱਗ ਹੈ। ਸਕਰੀਨ ਉੱਤੇ ਅਸੀਂ ਡਿਸਫੰਕਸ਼ਨਲ ਪਰਵਾਰਾਂ ਦੇ ਕਾਫੀ ਕਿੱਸੇ ਦੇਖ ਚੁੱਕੇ ਹਾਂ, ਪਰ ਡਾਇਰੈਕਟਰ ਗੌਰਵ ਚਾਵਲਾ ਨੇ ਆਪਣੇ ਸਿਧਾਂਤਾਂ ਉੱਤੇ ਚੱਲਣ ਵਾਲੇ ਰਾਜਾ ਦੀ ਕਹਾਣੀ ਲਿਖੀ ਹੈ, ਜੋ ਆਪਣੀਆਂ ਚਾਰਾਂ ਬੇਟੀਆਂ ਵਿੱਚੋਂ ਇੱਕ ਨੂੰ ਵਾਰਸ ਐਲਾਨ ਕਰਨ ਦੇ ਬਾਰੇ ਵਿੱਚ ਸੋਚ ਰਿਹਾ ਹੈ।
* ਕਾਮੇਡੀ ਨਾਲ ਲਗਾਅ ਦਾ ਕੀ ਕਾਰਨ ਹੈ?
- ਕਮੇਡੀ ਮੈਨੂੰ ਪਸੰਦ ਹੈ। ਮੈਂ ਸੋਚ ਕੇ ਆਪਣੇ ਕਰੀਅਰ ਵਿੱਚ ਜ਼ਿਆਦਾਤਰ ਕਮੇਡੀ ਫਿਲਮਾਂ ਕੀਤੀਆਂ ਹਨ। ਕਾਮਿਕ ਟਾਈਮਿੰਗ ਤੇ ਟੈਲੇਂਟ ਨੂੰ ਮੈਂ ਆਪਣੇ ਲਈ ਭਗਵਾਨ ਦਾ ਅਸ਼ੀਰਵਾਦ ਮੰਨਦੀ ਹਾਂ। ਪਹਿਲਾਂ ਸ਼੍ਰੀ ਦੇਵੀ, ਮਾਧੁਰੀ ਦੀਕਸ਼ਿਤ ਅਤੇ ਜੂਹੀ ਚਾਵਲਾ ਬਹੁਤ ਚੰਗੀ ਕਾਮੇਡੀ ਕਰਦੀਆਂ ਸਨ। ਡੇਵਿਡ ਧਵਨ, ਪ੍ਰਿਯਦਰਸ਼ਨ, ਸਾਜਿਦ ਖਨ ਅਤੇ ਪ੍ਰਭੂ ਦੇਵਾ ਵਰਗੇ ਇੰਡਸਟਰੀ ਦੇ ਸਭ ਤੋਂ ਬਿਹਤਰੀਨ ਕਾਮੇਡੀ ਡਾਇਰੈਕਟਰਾਂ ਦੇ ਨਾਲ ਕੰਮ ਕਰਨਾ ਮੇਰੀ ਖੁਸ਼ਕਿਸਮਤੀ ਹੈ।
* ਲਗਾਤਾਰ ਕਾਮੇਡੀ ਦੇ ਆਫਰ ਆਏ ਹੋਣਗੇ...
- ਮੈਂ ਕਮੇਡੀ ਫਿਲਮਾਂ ਇਸ ਲਈ ਕੀਤੀਆਂ, ਕਿਉਂਕਿ ਮੈਂ ਚਾਹੁੰਦੀ ਸੀ ਕਿ ਲੋਕ ਮੈਨੂੰ ਸਿਰਫ ਮਿਸ ਯੂਨੀਵਰਸ ਜਾਂ ਗਲੈਮਰਸ ਅਭਿਨੇਤਰੀ ਵਜੋ ਨਾ ਦੇਖਣ। ਮੈਨੂੰ ਸਿਰਫ ਗਲੈਮਰਸ ਹੀਰੋਇਨ, ਕਿਸੇ ਹੀਰੋ ਦੀ ਗਰਲਫ੍ਰੈਂਡ ਜਾਂ ਪਤਨੀ ਤੋਂ ਕਿਤੇ ਅਲੱਗ ਕਾਮੇਡੀ ਫਿਲਮਾਂ ਵਿੱਚ ਅਸਲ ਵਿੱਚ ਕੁਝ ਐਕਟਿੰਗ ਕਰਨ ਦਾ ਮੌਕਾ ਮਿਲਿਆ। ਉਸ ਵਕਤ ਤਾਂ ਔਰਤਾਂ ਨੂੰ ਕੇਂਦਰ ਵਿੱਚ ਰੱਖ ਕੇ ਇੰਨੇ ਰੋਲ ਨਹੀਂ ਲਿਖੇ ਜਾਂਦੇ ਸਨ। ਅੱਜਕੱਲ੍ਹ ਦੌਰ ਬਦਲ ਚੁੱਕਾ ਹੈ। ‘ਰਾਜੀ’, ‘ਕਹਾਣੀ’ ਵਰਗੀਆਂ ਬਿਹਤਰੀਨ ਮਹਿਲਾ ਪ੍ਰਧਾਨ ਫਿਲਮਾਂ ਬਣੀਆਂ ਹਨ। ਮੈਨੂੰ ਅੱਜ ਵੀ ਕਾਮੇਡੀ ਫਿਲਮਾਂ ਦੇ ਬਹੁਤ ਆਫਰ ਆਉਂਦੇ ਹਨ, ਪਰ ਮੈਂ ਜ਼ਰਾ ਚੁਣ-ਚੁਣ ਕੇ ਕਰਦੀ ਹਾਂ।
* ਇਹ ਸ਼ੋਅ ਵੀ ਮਲਟੀਸਟਾਰਰ ਹੈ...
- ਮੈਂ ਬਹੁਤ ਸਾਰੀਆਂ ਮਲਟੀਸਟਰਾਰ ਫਿਲਮਾਂ ਵਿੱਚ ਕੰਮ ਕੀਤਾ ਹੈ। ਜਦ ਬਹੁਤ ਸਾਰੇ ਕਲਾਕਾਰ ਮਿਲ ਕੇ ਕੰਮ ਕਰਦੇ ਹਨ ਤਾਂ ਇੱਕ ਦੂਸਰੇ ਤੋਂ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ ਤੇ ਸੈਟ ਉੱਤੇ ਵਧੀਆ ਮਹੌਲ ਰਹਿੰਦਾ ਹੈ। ਨਵੇਂ-ਨਵੇਂ ਲੋਕਾਂ ਨੂੰ ਮਿਲਣਾ ਤੇ ਉਨ੍ਹਾਂ ਨਾਲ ਰਿਸ਼ਤੇ ਬਣਾਉਣਾ ਬਹੁਤ ਚੰਗੀ ਚੀਜ਼ ਹੈ। ਇਸ ਸ਼ੋਅ ਵਿੱਚ ਨਸੀਰੂਦੀਨ ਸ਼ਾਹ ਸਾਹਿਬ ਹਨ। ਮੇਰੀ ਵਿਸ਼ਲਿਸਟ ਵਿੱਚ ਉਨ੍ਹਾਂ ਦਾ ਨਾਂਅ ਹਮੇਸ਼ਾ ਸਭ ਤੋਂ ਉਪਰ ਰਿਹਾ ਹੈ। ਸ਼ੋਅ ਦੇ ਕੰਟੈਂਟ ਦੇ ਇਲਾਵਾ ਉਨ੍ਹਾਂ ਦਾ ਇਸ ਸ਼ੋਅ ਵਿੱਚ ਹੋਣਾ ਵੀ ਮੇਰਾ ਇਸ ਸ਼ੋਅ ਨੂੰ ਸਾਈਨ ਕਰਨ ਦਾ ਇੱਕ ਬਹੁਤ ਵੱਡਾ ਕਾਰਨ ਸੀ।

 
Have something to say? Post your comment