|
|
Canadian Punjabi Post – First Punjabi Newspaper in Brampton, Canada
|
|
|
|
|

Click to listin - Radio |
|
|
|
ਟਰੈਕਟਰ ਟਰਾਲੀ ਦੀ ਲਪੇਟ 'ਚ ਆਉਣ ਨਾਲ ਵਿਅਕਤੀ ਦੀ ਮੌਤ
ਗੁਰਾਇਆ, 26 ਜਨਵਰੀ (ਪੋਸਟ ਬਿਊਰੋ)- ਜੀ ਟੀ ਰੋਡ ਗੁਰਾਇਆ 'ਤੇ ਯੂਨੀਅਨ ਬੈਂਕ ਆਫ ਇੰਡੀਆ ਸਾਹਮਣੇ ਆ ਰਹੀ ਬੇਕਾਬੂ ਟਰੈਕਟਰ ਟਰਾਲੀ ਦੀ ਲਪੇਟ ਵਿੱਚ ਆਉਣ ਨਾਲ ਇਕ ਵਿਅਕਤੀ ਦੀ ਮੌਤ ਹੋਣ ਦਾ ਪਤਾ ਲੱਗਾ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਮਹੇਸ਼ ਪੁੱਤਰ ਰਾਮ ਅਧਾਰ ਸ਼ਾਹ ਵਾਸੀ ਪਿੰਡ ਮਾਹਲ ਆਪਣੇ ਸਾਈਕਲ 'ਤੇ ਗੁਰਾਇਆ ਵੱਲ ਜਾ ਰਿਹਾ ਸੀ। ਪਿੱਛੋਂ ਆ ਰਹੀ ਤੇਜ਼ ਰਫਤਾਰ ਟਰੈਕਟਰ ਟਰਾਲੀ, ਜਿਸ ਨੂੰ ਰਾਮ ਸਿੰਘ ਪੁੱਤਰ ਅਵਤਾਰ ਸਿੰਘ ਵਾਸੀ ਪਿੰਡ ਰੋਡ ਜ਼ਿਲਾ ਲੁਧਿਆਣਾ ਚਲਾ ਰਿਹਾ ਸੀ, ਦੇ ਟਰੈਕਟਰ ਦਾ ਅਗਲਾ ਟਾਇਰ ਫਟਣ 'ਤੇ ਬੇਕਾਬੂ ਹੋ ਕੇ ਜਾ ਰਹੇ ਸਾਈਕਲ ਸਵਾਰ ਨੂੰ ਕੁਚਲ ਦਿੱਤਾ, ਜਿਸ ਦੀ ਮੌਕੇ 'ਤੇ ਮੌਤ ਹੋ ਗਈ। ਸਥਾਨਕ ਪੁਲਸ ਨੇ ਮੌਕੇ 'ਤੇ ਪਹੁੰਚ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ।
|
|
|
ਸ਼ਰਾਬ ਵੰਡਣ ਦੇ ਦੋਸ਼ ਵਿੱਚ ਕਾਂਗਰਸੀ ਉਮੀਦਵਾਰ ਉਤੇ ਕੇਸ ਦਰਜ

ਜਲੰਧਰ, 27 ਜਨਵਰੀ (ਪੋਸਟ ਬਿਊਰੋ)- ਵਿਧਾਨ ਸਭਾ ਹਲਕਾ ਸੈਂਟਰਲ ਤੋਂ ਕਾਂਗਰਸੀ ਉਮੀਦਵਾਰ ਰਾਜਿੰਦਰ ਬੇਰੀ ‘ਤੇ ਅੱਜ ਚੋਣਾਵੀ ਸ਼ਰਾਬ ਪਿਲਾਉਣ ਦੇ ਮਾਮਲੇ ਵਿੱਚ ਕੇਸ ਦਰਜ ਕਰ ਲਿਆ ਗਿਆ ਹੈ। ਸਥਾਨਕ ਚੋਣ ਅਧਿਕਾਰੀਆਂ ਦੀ ਸ਼ਿਕਾਇਤ ‘ਤੇ ਥਾਣਾ ਡਵੀਜ਼ਨ ਨੰਬਰ ਚਾਰ ਵਿੱਚ ਕੇਸ ਦਰਜ ਕੀਤਾ ਗਿਆ ਹੈ।
ਇਲੈਕਸ਼ਨ ਕਮਿਸ਼ਨ ਦੀ ਸਖਤੀ ਦੇ ਬਾਅਦ ਉਮੀਦਵਾਰਾਂ ਨੇ ਖੁਦ ਦੇ ਸ਼ਰਾਬ ਡੰਪ ਨਹੀਂ ਬਣਾਏ, ਲੇਕਿਨ ਪਰਚੀ ਵੋਟਰਾਂ ਨੂੰ ਦਿੱਤੀ ਜਾ ਰਹੀ ਹੈ। ਵੋਟਰ ਇਹ ਪਰਚੀ ਸ਼ਰਾਬ ਠੇਕੇ ‘ਤੇ ਦੇ ਕੇ ਆਪਣੀ ਬੋਤਲ ਲੈ ਲੈਂਦੇ ਹਨ। ਕੱਲ੍ਹ ਇਸ ਖੇਡ ਦਾ ਉਮੀਦਵਾਰ ਰਾਜਿੰਦਰ ਬੇਰੀ ਦੇ ਦਫਤਰ ਵਿੱਚ ਵੀਡੀਓ ਬਣਾਇਆ ਗਿਆ। ਜਦੋਂ ਇਹ ਵੀਡੀਓ ਮੀਡੀਆ ਵਿੱਚ ਆਇਆ ਤਾਂ ਚੋਣ ਅਧਿਕਾਰੀਆਂ ਨੇ ਪੂਰੇ ਮਾਮਲੇ ਦਾ ਨੋਟਿਸ ਲਿਆ। ਇਸ ਬਾਰੇ ਵਿੱਚ ਸਥਾਨਕ ਚੋਣ ਅਧਿਕਾਰੀਆਂ ਨੇ ਇਲੈਕਸ਼ਨ ਕਮਿਸ਼ਨ ਦੇ ਚੰਡੀਗੜ੍ਹ ਦਫਤਰ ਨੂੰ ਚੋਣਾਵੀ ਸ਼ਰਾਬ ਪਿਲਾਉਣ ਦੇ ਆਪਣੀ ਤਰ੍ਹਾਂ ਦੇ ਪਹਿਲੇ ਮਾਮਲੇ ਦੀ ਜਾਣਕਾਰੀ ਦਿੱਤੀ। ਇਸਦੇ ਬਾਅਦ ਇਲੈਕਸ਼ਨ ਕਮਿਸ਼ਨ ਨੇ ਮੀਡੀਆ ਤੋਂ ਵੀਡੀਓ ਕਲਿੱਪ ਦੀ ਸੀ ਡੀ ਪ੍ਰਾਪਤ ਕੀਤੀ, ਜਿਸ ਵਿੱਚ ਇਹ ਦਾਅਵਾ ਕੀਤਾ ਗਿਆ ਹੈ ਕਿ ਰਾਜਿੰਦਰ ਬੇਰੀ ਦੇ ਚੋਣ ਦਫਤਰ ਵਿੱਚ ਸ਼ਰਾਬ ਦੀਆਂ ਪਰਚੀਆਂ ਵੰਡੀਆਂ ਜਾ ਰਹੀਆਂ ਹਨ। ਇਸਦੇ ਬਾਅਦ ਥਾਣਾ ਚਾਰ ਵਿੱਚ ਕੋਡ ਆਫ ਕੰਡਕਟ ਦੀ ਧਾਰਾ ਦੇ ਤਹਿਤ ਐਫ ਆਈ ਆਰ ਨੰਬਰ 11 ਦਰਜ ਕੀਤੀ ਗਈ ਹੈ।
|
|
|
ਜਾਅਲੀ ਕਾਗਜ਼ ਤਿਆਰ ਕਰ ਕੇ ਪੁਲਸ ਵਿੱਚ ਭਰਤੀ ਹੋਏ ਦੋ ਕਾਤਲ ਨੌਕਰੀਉਂ ਕੱਢੇ
ਲੁਧਿਆਣਾ, 25 ਜਨਵਰੀ (ਪੋਸਟ ਬਿਊਰੋ)-ਕਤਲ ਦੇ ਮਾਮਲੇ ਵਿੱਚ ਉਮਰ ਕੈਦ ਦੀ ਸਜ਼ਾ ਕੱਟ ਚੁੱਕੇ ਦੋ ਭਰਾ ਜਾਅਲੀ ਕਾਗਜ਼ ਤਿਆਰ ਕਰ ਕੇ ਪੁਲਸ ਵਿੱਚ ਭਰਤੀ ਹੋ ਗਏ। ਮਾਮਲੇ ਦਾ ਪਤਾ ਲੱਗਦੇ ਹੀ ਪੰਜਾਬ ਪੁਲਸ ਨੇ ਦੋਵਾਂ ਭਰਾਵਾਂ ਨੂੰ ਨੌਕਰੀ ਤੋਂ ਬਰਖਾਸਤ ਕਰ ਦਿੱਤਾ। ਇਸ ਮਾਮਲੇ ਵਿੱਚ ਪਿੰਡ ਨੋਰੰਗਪੁਰ ਦੇ ਸੀ ਆਰ ਪੀ 13 ਬਟਾਲੀਅਨ ਵਿੱਚ ਤੈਨਾਤ ਕਾਂਸਟੇਬਲ ਰਮੇਸ਼ ਚੰਦ ਭਾਟੀਆ ਦੀ ਸ਼ਿਕਾਇਤ 'ਤੇ ਪਿੰਡ ਨੋਰੰਗਪੁਰ ਵਾਸੀ ਤਿਲਕ ਰਾਮ ਤੇ ਰਾਮ ਲਾਲ ਦੇ ਖਿਲਾਫ ਧੋਖਾਧੜੀ ਦਾ ਮਾਮਲਾ ਦਰਜ ਕੀਤਾ ਗਿਆ ਹੈ। ਪੁਲਸ ਨੇ ਦੋਸ਼ੀਆਂ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ।
ਥਾਣਾ ਡਵੀਜ਼ਨ ਪੰਜ ਦੇ ਮੁਖੀ ਰਾਜ ਕੁਮਾਰ ਨੇ ਦੱਸਿਆ ਕਿ ਦੋਵਾਂ ਦੋਸ਼ੀਆਂ ਨੇ ਜੁਲਾਈ 1978 ਵਿੱਚ ਰਮੇਸ਼ ਦੇ ਪਿਤਾ ਦਾ ਕਤਲ ਕੀਤਾ ਸੀ। ਕਤਲ ਕਰਨ ਦੇ ਬਾਅਦ ਅਦਾਲਤ ਨੇ ਦੋਵਾਂ ਭਰਾਵਾਂ ਨੂੰ ਉਮਰ ਕੈਦ ਦੀ ਸਜ਼ਾ ਸੁਣਾ ਦਿੱਤੀ। ਦੋਵੇਂ ਦੋਸ਼ੀ ਸਜ਼ਾ ਕੱਟਣ ਦੇ ਬਾਅਦ 1990 ਵਿੱਚ ਜੇਲ੍ਹ ਤੋਂ ਬਾਹਰ ਆਏ। ਉਨ੍ਹਾਂ ਬਾਹਰ ਆ ਕੇ ਜਾਅਲੀ ਜਨਮ ਸਰਟੀਫਿਕੇਟ ਤਿਆਰ ਕੀਤੇ ਤੇ ਜਾਅਲੀ ਕਾਗਜ਼ ਜਮ੍ਹਾ ਕਰਾ ਕੇ ਪੰਜਾਬ ਪੁਲਸ ਵਿੱਚ ਭਰਤੀ ਹੋ ਗਏ। ਦੋਵੇਂ ਭਰਾ ਇਸ ਸਮੇਂ ਪੰਜਾਬ ਪੁਲਸ ਦੇ ਬੈਂਡ ਵਿਭਾਗ ਵਿੱਚ ਤੈਨਾਤ ਸਨ। ਜਦ ਰਮੇਸ਼ ਨੂੰ ਪਤਾ ਲੱਗਾ ਤਾਂ ਉਸਨੇ ਉਸ ਦੀ ਸ਼ਿਕਾਇਤ ਪੁਲਸ ਨੂੰ ਕੀਤੀ। ਪੁਲਸ ਨੇ ਜਾਂਚ ਦੇ ਬਾਅਦ ਦੋਵਾਂ 'ਤੇ ਲਾਏ ਦੋਸ਼ ਸਹੀ ਪਾਏ। ਪੁਲਸ ਅਧਿਕਾਰੀਆਂ ਨੇ ਦੋਵਾਂ ਭਰਾਵਾਂ ਨੂੰ ਨੌਕਰੀ ਤੋਂ ਤੁਰੰਤ ਬਰਖਾਸਤ ਕਰ ਦਿੱਤਾ। ਪੁਲਸ ਨੇ ਦੋਵਾਂ ਦੇ ਖਿਲਾਫ ਮਾਮਲਾ ਦਰਜ ਕੀਤਾ ਹੈ। ਪੁਲਸ ਨੇ ਦੋਵਾਂ ਖਿਲਾਫ ਮਾਮਲਾ ਦਰਜ ਕੀਤਾ ਹੈ।
|
|
|
ਗ੍ਰੰਥੀ ਨੂੰ ਜ਼ਖਮੀ ਕਰ ਕੇ ਦੌੜ ਗਏ ਚੋਰ

* ਇੱਕ ਦੋਸ਼ੀ ਕਾਬੂ, ਗ੍ਰੰਥੀ ਹਸਪਤਾਲ ਵਿੱਚ ਦਾਖਲ
ਸੁਲਤਾਨਪੁਰ ਲੋਧੀ, 25 ਜਨਵਰੀ (ਪੋਸਟ ਬਿਊਰੋ)- ਮੁਹੱਲਾ ਰਾਮਗੜ੍ਹੀਆ ਦੇ ਸਿਨੇਮਾ ਰੋਡ 'ਤੇ ਸਥਿਤ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਨੂੰ ਦੋ ਚੋਰਾਂ ਨੇ ਹਮਲਾ ਕਰ ਕੇ ਜ਼ਖਮੀ ਕਰ ਦਿੱਤਾ।
ਜਾਣਕਾਰੀ ਅਨੁਸਾਰ ਕੱਲ੍ਹ ਰਾਤ ਦੋ ਚੋਰ ਗੁਰਦੁਆਰਾ ਸਾਹਿਬ ਦੇ ਦਰਵਾਜ਼ੇ ਦਾ ਤਾਲਾ ਤੋੜਨ ਦੀ ਕੋਸ਼ਿਸ਼ ਕਰ ਰਹੇ ਸਨ। ਅਚਾਨਕ ਨਜ਼ਦੀਕ ਦੇ ਕਮਰੇ ਵਿਚ ਸੁੱਤੇ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਭਾਈ ਜਸਵੀਰ ਸਿੰਘ ਪੁੱਤਰ ਮੱਖਣ ਸਿੰਘ ਦੀ ਅੱਖ ਖੁੱਲ੍ਹ ਗਈ। ਜਦ ਉਨ੍ਹਾਂ ਨੇ ਬਾਹਰ ਆ ਕੇ ਰੌਲਾ ਪਾਇਆ ਤਾਂ ਇੱਕ ਚੋਰ ਨੇ ਉਨ੍ਹਾਂ 'ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰ ਦਿੱਤਾ, ਜਿਸ ਨਾਲ ਉਹ ਬੁਰੀ ਤਰ੍ਹਾਂ ਜ਼ਖਮੀ ਹੋ ਗਏ, ਪਰ ਜਸਵੀਰ ਸਿੰਘ ਨੇ ਇੱਕ ਚੋਰ ਨੂੰ ਮਜ਼ਬੂਤੀ ਨਾਲ ਫੜ ਲਿਆ। ਇਹ ਦੇਖ ਕੇ ਦੂਜੇ ਚੋਰ ਨੇ ਆਪਣੇ ਸਾਥੀ ਨੂੰ ਛੁਡਵਾਉਣ ਦੀ ਕੋਸ਼ਿਸ਼ ਕੀਤੀ, ਪਰ ਲੋਕਾਂ ਦਾ ਇਕੱਠ ਦੇਖ ਕੇ ਦੌੜ ਗਿਆ। ਸੂਚਨਾ ਮਿਲਦੇ ਹੀ ਐਸ ਐਚ ਓ ਭੁਪਿੰਦਰ ਸਿੰਘ ਵੀ ਮੌਕੇ 'ਤੇ ਪਹੁੰਚ ਗਏ।
ਗ੍ਰੰਥੀ ਭਾਈ ਜਸਵੀਰ ਸਿੰਘ ਨੂੰ ਸਿਵਲ ਹਸਪਤਾਲ ਵਿੱਚ ਇਲਾਜ ਦੇ ਲਈ ਭਰਤੀ ਕਰਵਾਇਆ ਗਿਆ ਹੈ। ਇਸ ਮਾਮਲੇ ਸੰਬੰਧੀ ਸੁਲਤਾਨਪੁਰ ਲੋਧੀ ਦੇ ਡੀ ਐਸ ਪੀ ਮਨਦੀਪ ਸਿੰਘ ਤੇ ਥਾਣਾ ਮੁਖੀ ਐਸ ਐਚ ਓ ਮਨਦੀਪ ਸਿੰਘ ਤੇ ਥਾਣਾ ਮੁਖੀ ਐਸ ਐਚ ਓ ਭੁਪਿੰਦਰ ਸਿੰਘ ਨੇ ਦੱਸਿਆ ਕਿ ਥਾਣਾ ਸੁਲਤਾਨਪੁਰ ਲੋਧੀ ਪੁਲਸ ਦੋ ਵਿਅਕਤੀਆਂ ਮਹਿੰਦਰ ਸਿੰਘ ਤੇ ਗੁਰਮੇਜ ਸਿੰਘ ਉਰਫ ਡਾਡੂ ਨਿਵਾਸੀ ਪਿੰਡ ਲਾਟੀਆਂਵਾਲ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਉਨ੍ਹਾਂ ਨੇ ਦੱਸਿਆ ਕਿ ਇੱਕ ਦੋਸ਼ੀ ਗੁਰਮੇਜ ਸਿੰਘ ਉਰਫ ਡਾਡੂ ਨੂੰ ਗ੍ਰਿਫਤਾਰ ਕਰ ਲਿਆ ਹੈ, ਜਦ ਕਿ ਦੂਸਰੇ ਦੀ ਗ੍ਰਿਫਤਾਰੀ ਦੇ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ।
|
|
|
ਗੁਰਾਇਆ ਸਟੇਟਕ ਟੀਮ ਨੇ ਫੜੀ ਵੱਖ-ਵੱਖ ਵਿਦੇਸ਼ਾਂ ਦੀ ਕਰੰਸੀ

* 15 ਲੱਖ 88 ਹਜ਼ਾਰ 852 ਰੁਪਏ ਦੀ ਹੈ ਕੁੱਲ ਰਕਮ
ਗੁਰਾਇਆ, 25 ਜਨਵਰੀ (ਪੋਸਟ ਬਿਊਰੋ)- ਸੂਬੇ 'ਚ ਹੋ ਰਹੀਆਂ ਵਿਧਾਨ ਸਭਾ ਚੋਣਾਂ ਦੌਰਾਨ ਚੋਣ ਕਮਿਸ਼ਨ ਵਲੋਂ ਕੀਤੀ ਗਈ ਸਖਤੀ ਦੇ ਚਲਦਿਆਂ ਕੱਲ੍ਹ ਗੁਰਾਇਆ-ਅੱਟਾ ਨਹਿਰ ਦੇ ਕੋਲ ਮੇਨ ਹਾਈਵੇ 'ਤੇ ਸਟੇਟਕ ਟੀਮ ਗੁਰਾਇਆ ਦੇ ਇੰਚਾਰਜ ਏ ਐਸ ਆਈ ਲਾਭ ਸਿੰਘ ਤੇ ਐਸ ਡੀ ਓ ਸੁਖਵਿੰਦਰ ਸਿੰਘ ਤੇ ਐਸ ਸੀ ਮੁਲਖ ਰਾਜ ਨੇ ਨਾਕਾਬੰਦੀ ਦੌਰਾਨ ਮੋਟਰ ਸਾਈਕਲ 'ਤੇ ਸਵਾਰ ਨੌਜਵਾਨ ਪੁਨੀਤ ਖੁਰਾਣਾ ਪੁੱਤਰ ਸਤਿੰਦਰ ਪਾਲ ਵਾਸੀ ਨਿਊ ਸਤਨਾਮ ਪੁਰਾ ਫਗਵਾੜਾ ਨੂੰ ਰੋਕ ਕੇ ਤਲਾਸ਼ੀ ਲਈ। ਉਸ ਪਾਸੋਂ 12 ਹਜ਼ਾਰ 700 ਅਮਰੀਕਨ ਡਾਲਰ ਤੇ 12000 ਯੂਰੋ, 2270 ਪੌਂਡ ਯੂ ਕੇ ਬਰਾਮਦ ਕੀਤੇ ਹਨ, ਜਿਸ ਦੀ ਇੰਡੀਅਨ ਕੀਮਤ 15 ਲੱਖ 88 ਹਜ਼ਾਰ 852 ਰੁਪਏ ਦੱਸੀ ਗਈ ਹੈ। ਇਸ ਨੂੰ ਕਬਜ਼ੇ ਵਿੱਚ ਲੈ ਲਿਆ ਹੈ। ਪੁੱਛਗਿੱਛ ਕਰਨ 'ਤੇ ਪੁਨੀਤ ਖੁਰਾਣਾ ਕੋਈ ਦਸਤਾਵੇਜ਼ ਪੇਸ਼ ਨਹੀਂ ਕਰ ਸਕਿਆ ਅਤੇ ਜੋ ਕਹਿ ਰਿਹਾ ਸੀ ਕਿ ਉਹ ਇਹ ਰਕਮ ਵੱਖ-ਵੱਖ ਬੈਂਕਾਂ ਤੋਂ ਇਕੱਠੀ ਕਰਦਾ ਹੈ, ਪੁਲਸ ਨੇ ਰਕਮ ਨੂੰ ਕਬਜ਼ੇ ਵਿੱਚ ਲੈ ਕੇ ਇਨਕਮ ਟੈਕਸ ਵਿਭਾਗ ਨੂੰ ਸੂਚਿਤ ਕਰ ਦਿੱਤਾ ਹੈ।
|
|
|
ਪੁਲਸ ਨੇ ਚਾਰ ਲੁਟੇਰੇ ਕੀਤੇ ਕਾਬੂ

* 7 ਪਿਸਤੌਲ, ਤਿੰਨ ਲਗਜ਼ਰੀ ਕਾਰਾਂ, ਜਾਅਲੀ ਰਜਿਸਟਰੀਆਂ ਤੇ ਤੇਜ਼ਧਾਰ ਹਥਿਆਰ ਬਰਾਮਦ
ਫਤਹਿਗੜ੍ਹ ਸਾਹਿਬ, 25 ਜਨਵਰੀ (ਪੋਸਟ ਬਿਊਰੋ)- ਪੁਲਸ ਨੇ ਇਕ ਚਾਰ ਮੈਂਬਰੀ ਗਰੋਹ ਨੂੰ ਹਿਰਾਸਤ ਵਿੱਚ ਲੈ ਕੇ ਉਸ ਕੋਲੋਂ 7 ਪਿਸਤੌਲ ਤੇ ਤਿੰਨ ਲਗਜ਼ਰੀ ਕਾਰਾਂ ਬਰਾਮਦ ਕੀਤੀਆਂ ਹਨ। ਇਹ ਗਿਰੋਹ ਪੰਜਾਬ ਦੇ ਇਕ ਦਰਜਨ ਜ਼ਿਲਿਆਂ 'ਚ ਸਰਗਰਮ ਸੀ।
ਸੀ ਆਈ ਏ ਫਤਹਿਗੜ੍ਹ ਸਾਹਿਬ ਵਿਖੇ ਜਾਣਕਾਰੀ ਦਿੰਦੇ ਹੋਏ ਲੁਧਿਆਣਾ ਰੇਂਜ ਦੇ ਡੀ ਆਈ ਜੀ, ਐਮ ਐਫ ਫਾਰੂਕੀ ਨੇ ਦੱਸਿਆ ਕਿ ਐਸ ਐਸ ਪੀ ਬਾਬੂ ਰਾਮ ਮੀਣਾ ਦੀ ਕਮਾਨ ਹੇਠ ਫਤਹਿਗੜ੍ਹ ਸਾਹਿਬ ਪੁਲਸ ਨੇ ਨਿਊ ਰਣਜੀਤਪੁਰਾ ਛੇਹਰਟਾ, ਜ਼ਿਲਾ ਅੰਮ੍ਰਿਤਸਰ ਦੇ ਰਹਿਣ ਵਾਲੇ ਸੁਖਦੀਪ ਸਿੰਘ, ਕੁਲਦੀਪ ਸਿੰਘ, ਜ਼ਿਲਾ ਅੰਮ੍ਰਿਤਸਰ ਦੇ ਪਿੰਡ ਰਾਮਪੁਰ ਦੇ ਵਾਸੀ ਰਣਦੀਪ ਸਿੰਘ ਤੇ ਜਗਜੀਤ ਸਿੰਘ ਨੂੰ ਕਾਬੂ ਕਰਕੇ ਥਾਣਾ ਖੁਮਾਣੋਂ ਵਿਖੇ ਕੇਸ ਦਰਜ ਕੀਤਾ ਹੈ। ਅੰਮ੍ਰਿਤਸਰ ਤੋਂ ਲੈ ਕੇ ਸ਼ੰਭੂ ਬੈਰੀਅਰ ਤੱਕ ਇਕ ਦਰਜਨ ਜ਼ਿਲਿਆਂ ਵਿੱਚ ਸਰਗਰਮ ਇਸ ਗਿਰੋਹ ਤੋਂ ਪੁਲਸ ਨੇ ਭਾਰੀ ਮਾਤਰਾ ਵਿੱਚ ਅਸਲਾ, ਜਾਅਲੀ ਰਜਿਸਟਰੀਆਂ ਤੇ ਲੁੱਟ ਖੋਹ ਦੇ ਕੰਮ ਆਉਣ ਵਾਲਾ ਸਾਮਾਨ ਬਰਾਮਦ ਕੀਤਾ ਹੈ। ਇਨ੍ਹਾਂ ਵਿੱਚ ਚਾਰ ਪਿਸਤੌਲ 32 ਬੋਰ, 315 ਬੋਰ ਦੇ ਤਿੰਨ, 28 ਕਾਰਤੂਸ, ਰਜਿਸਟ੍ਰੇਸ਼ਨ ਕਾਪੀਆਂ ਅਤੇ ਇੰਜਨ ਨੰਬਰ ਪੰਚ ਕਰਨ ਦੇ ਸੰਦਾਂ ਸਮੇਤ ਤਿੰਨ ਕਾਰਾਂ, ਹੌਂਡਾ ਸਿਟੀ, ਸਵਿਫਟ ਤੇ ਇਕ ਇਨੋਵਾ ਕਾਰ ਫੜੀਆਂ ਹਨ। ਉਨ੍ਹਾਂ ਦੱਸਿਆ ਕਿ ਇਸ ਗਿਰੋਹ ਦੇ ਦੋ ਹੋਰ ਮੈਂਬਰ ਅਨੁਪਿੰਦਰ ਸਿੰਘ ਮਾਨਾਂ ਵਾਲੀ ਗਲੀ ਅੰਮ੍ਰਿਤਸਰ, ਗੁਰਪ੍ਰੀਤ ਸਿੰਘ ਗਾਜੀਆਬਾਦ ਉਤਰ ਪ੍ਰਦੇਸ਼ ਭਗੌੜੇ ਹਨ। ਇਸ ਗਿਰੋਹ ਨੇ ਨਵੰਬਰ 2010 ਦੀ ਪਹਿਲੀ ਵਾਰਦਾਤ ਸਮੇਤ 7 ਜੁਲਾਈ 2011 ਤੋਂ ਲੈ ਕੇ ਹੁਣ ਤੱਕ ਲੁੱਟ-ਖੋਹ ਦੀਆਂ 40 ਵਾਰਦਾਤਾਂ ਕੀਤੀਆਂ ਹਨ। ਇਨ੍ਹਾਂ ਵਿੱਚੋਂ 37 ਵਾਰਦਾਤਾਂ ਪੈਟਰੋਲ ਪੰਪ ਲੁੱਟਣ ਸਬੰਧੀ ਸਨ।
|
|
|
ਨਸ਼ੇੜੀ ਪੁੱਤ ਨੇ ਦਿੱਤੀ ਪਿਓ ਨੂੰ ਮਾਰਨ ਦੀ ਸੁਪਾਰੀ

ਫਿਰੋਜ਼ਪੁਰ, 25 ਜਨਵਰੀ (ਪੋਸਟ ਬਿਊਰੋ)- ਸਮੈਕ ਦੇ ਇਕ ਨਸ਼ੇੜੀ ਪੁੱਤਰ ਵੱਲੋਂ ਆਪਣੇ ਪਿਓ ਨੂੰ ਰਸਤੇ ਤੋਂ ਹਟਾਉਣ ਲਈ ਸੁਪਾਰੀ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਨਸ਼ੇੜੀ ਲੜਕੇ ਨੇ ਆਪਣੇ ਪਿਤਾ ਦੀ ਜਾਇਦਾਦ ਹੜੱਪਣ ਲਈ ਸੁਪਾਰੀ ਦੇਣ ਦਾ ਕੰਮ ਕੀਤਾ ਸੀ। ਇਹ ਘਟਨਾ ਨਜ਼ਦੀਕੀ ਪਿੰਡ ਅਟਾਰੀ ਵਿਖੇ ਵਾਪਰੀ।
ਜ਼ਿਕਰ ਯੋਗ ਹੈ ਕਿ ਜਿਸ ਪਿਤਾ ਲਈ ਇਸ ਲੜਕੇ ਨੇ ਸੁਪਾਰੀ ਦਿੱਤੀ ਸੀ, ਉਸੇ ਨੇ ਨਸ਼ਾ ਛੁਡਾਉਣ ਲਈ ਉਸ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਸੀ। ਇਸ ਮਾਮਲੇ ਵਿੱਚ ਥਾਣਾ ਸਦਰ ਪੁਲਸ ਨੇ ਗੁਪਤ ਸੂਚਨਾ ਦੇ ਆਧਾਰ 'ਤੇ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ। ਕਤਲ ਕਰਨ ਦਾ ਸੌਦਾ ਇਕ ਲੱਖ ਵਿੱਚ ਤੈਅ ਹੋਇਆ ਸੀ।
ਦੱਸਣ ਯੋਗ ਹੈ ਕਿ ਇਸ ਮਾਮਲੇ ਵਿੱਚ ਨਸ਼ੇੜੀ ਲੜਕੇ ਸਮੇਤ ਚਾਰ ਵਿਅਕਤੀਆਂ ਖਿਲਾਫ ਪਰਚਾ ਦਰਜ ਕੀਤਾ ਗਿਆ ਹੈ। ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਪਿੰਡ ਅਟਾਰੀ ਵਿੱਚ ਪੈਂਦੀ ਢਾਣੀ ਦੇ ਵਾਸੀ ਜਗਤਾਰ ਸਿੰਘ ਪੁੱਤਰ ਦਲੀਪ ਸਿੰਘ ਨੇ ਦੱਸਿਆ ਕਿ ਉਹ ਖੇਤੀ ਦਾ ਕੰਮ ਕਰਦਾ ਹੈ। ਉਸ ਦੇ ਦੋ ਲੜਕੇ ਜਸਪਾਲ ਸਿੰਘ ਤੇ ਰਛਪਾਲ ਸਿੰਘ ਹਨ, ਜੋ ਸ਼ਾਦੀ ਸ਼ੁਦਾ ਹਨ। ਉਸ ਦਾ ਲੜਕਾ ਜਸਪਾਲ ਸਿੰਘ ਬੀਤੇ ਢਾਈ ਸਾਲਾਂ ਤੋਂ ਸਮੈਕ ਦਾ ਨਸ਼ਾ ਕਰਦਾ ਆ ਰਿਹਾ ਹੈ। ਇਸ ਨਸ਼ੇ ਦੇ ਚੱਲਦੇ ਉਸ ਨੇ ਘਰ ਦਾ ਸਾਮਾਨ ਤੱਕ ਵੇਚਣਾ ਸ਼ੁਰੂ ਕਰ ਦਿੱਤਾ ਸੀ। ਉਸ ਨੇ ਨਵੀਂ ਲਈ ਕਾਰ ਤੇ ਟਰੈਕਟਰ ਵੀ ਨਸ਼ੇ ਖਾਤਰ ਵੇਚ ਦਿੱਤੇ। ਜਸਪਾਲ ਸਿੰਘ ਦੇ ਨਸ਼ੇ ਨੂੰ ਛੁਡਾਉਣ ਲਈ ਕਈ ਵਾਰ ਯਤਨ ਕੀਤੇ ਗਏ, ਪਰ ਉਹ ਉਸ ਦੀ ਇਕ ਨਹੀਂ ਮੰਨਦਾ ਸੀ। ਜਗਤਾਰ ਸਿੰਘ ਨੇ ਦੱਸਿਆ ਕਿ ਆਖਰ ਜਸਪਾਲ ਨੇ ਜ਼ਮੀਨ ਵੇਚਣ ਦਾ ਫੈਸਲਾ ਕਰ ਲਿਆ। ਇਸ ਗੱਲ ਨੂੰ ਲੈ ਕੇ ਉਸ ਨੇ ਮੇਰਾ ਕਤਲ ਕਰਾਉਣ ਲਈ ਕੁਝ ਲੋਕਾਂ ਨੂੰ ਸੁਪਾਰੀ ਤੱਕ ਦੇ ਦਿੱਤੀ।
|
|
|
ਰੇਲ ਗੱਡੀ ਹੇਠ ਆਉਣ 'ਤੇ 40 ਸਾਲਾ ਔਰਤ ਦੀ ਮੌਤ

ਲੋਹੀਆਂ, 25 ਜਨਵਰੀ (ਪੋਸਟ ਬਿਊਰੋ)- ਕੱਲ੍ਹ ਸਵੇਰੇ ਇੱਕ 40 ਸਾਲਾ ਔਰਤ ਅਚਾਨਕ ਰੇਲ ਗੱਡੀ ਹੇਠ ਆਉਣ ਕਾਰਨ ਬੁਰੀ ਤਰ੍ਹਾਂ ਕੁਚਲੀ ਗਈ ਅਤੇ ਮੌਕੇ 'ਤੇ ਦਮ ਤੋੜ ਗਈ।
ਮਿਲੀ ਜਾਣਕਾਰੀ ਅਨੁਸਾਰ ਇਥੋਂ ਨੇੜਲੇ ਪਿੰਡ ਗਿੱਦੜਪਿੰਡੀ ਦੇ ਰੇਲਵੇ ਫਾਟਕ ਨੇੜੇ ਜਲੰਧਰ ਤੋਂ ਫਿਰੋਜ਼ਪੁਰ ਜਾ ਰਹੀ ਰੇਲ ਗੱਡੀ ਹੇਠ ਉਸ ਸਮੇਂ ਆ ਗਈ, ਜਦੋਂ ਉਹ ਰੇਲਵੇ ਲਾਈਨ ਲੰਘ ਰਹੀ ਸੀ। ਬਾਅਦ ਵਿੱਚ ਇਸ ਔਰਤ ਦੀ ਪਛਾਣ ਇਥੋਂ ਕੁਝ ਦੂਰ ਸਥਿਤ ਪਿੰਡ ਮੰਡਾਲਾ ਦੀ ਰਹਿਣ ਵਾਲੀ ਵੀਰੋ ਪਤਨੀ ਕਸ਼ਮੀਰ ਸਿੰਘ ਵਜੋਂ ਹੋਈ।
ਪਰਵਾਰਕ ਸੂਤਰਾਂ ਅਨੁਸਾਰ ਮ੍ਰਿਤਕ ਵੀਰੋ ਦੀ ਦਿਮਾਗੀ ਹਾਲਤ ਠੀਕ ਨਹੀਂ ਸੀ ਤੇ ਉਹ ਘਰੋਂ ਅਚਾਨਕ ਨਿਕਲ ਕੇ ਰੇਲਵੇ ਲਾਈਨ 'ਤੇ ਪੁੱਜ ਗਈ, ਜਿਸ 'ਤੇ ਉਕਤ ਹਾਦਸਾ ਵਾਪਰ ਗਿਆ। ਮ੍ਰਿਤਕ ਆਪਣੇ ਪਿੱਛੇ 4 ਬੱਚਿਆਂ ਨੂੰ ਛੱਡ ਗਈ।
|
|
|
ਸੜਕ ਹਾਦਸੇ ਵਿੱਚ ਇੱਕ ਦੀ ਮੌਤ

ਅੰਮ੍ਰਿਤਸਰ, 25 ਜਨਵਰੀ (ਪੋਸਟ ਬਿਊਰੋ)- ਰਾਜਾਸਾਂਸੀ ਇਲਾਕੇ ਵਿਚ ਤੇਜ਼ ਰਫਤਾਰ ਮੋਟਰ ਸਾਈਕਲ ਸਵਾਰ ਇੱਕ ਐਕਟਿਵਾ ਨੂੰ ਟੱਕਰ ਮਾਰ ਕੇ ਫਰਾਰ ਹੋਣ ਵਿੱਚ ਕਾਮਯਾਬ ਰਿਹਾ। ਪੁਲਸ ਨੇ ਮਾਮਲੇ ਦੀ ਜਾਂਚ ਦੇ ਬਾਅਦ ਫਰਾਰ ਮੋਟਰ ਸਾਈਕਲ ਸਵਾਰ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਹੈ।
ਪਿੰਡ ਮੋਹਾਰ ਨਿਵਾਸੀ ਤੇਜ ਇਕਬਾਲ ਸਿੰਘ ਨੇ ਪੁਲਸ ਵਿੱਚ ਸ਼ਿਕਾਇਤ ਦਰਜ ਕਰਵਾਈ ਹੈ ਕਿ ਗੁਰਤੇਜ ਸਿੰਘ ਐਕਟਿਵਾ 'ਤੇ ਆਪਣੇ ਘਰ ਵੱਲ ਜਾ ਰਿਹਾ ਸੀ। ਏਸੇ ਦੌਰਾਨ ਜ਼ਿਲੇ ਦੇ ਪਿੰਡ ਸੌੜੀਆਂ ਨਿਵਾਸੀ ਗੁਰਪ੍ਰੀਤ ਸਿੰਘ ਨੇ ਤੇਜ ਰਫਤਾਰ ਮੋਟਰ ਸਾਈਕਲ ਨਾਲ ਟੱਕਰ ਮਾਰ ਦਿੱਤੀ। ਗੰਭੀਰ ਜ਼ਖਮੀ ਗੁਰਤੇਜ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਦੀ ਮੌਤ ਹੋ ਗਈ।
|
|
|
ਦਿਆਲ ਸਿੰਘ ਕੋਲਿਆਂ ਵਾਲੀ ਦੇ ਘਰ ਆਮਦਨ ਕਰ ਵਿਭਾਗ ਦਾ ਛਾਪਾ

ਲੰਬੀ, 26 ਜਨਵਰੀ (ਪੋਸਟ ਬਿਊਰੋ)- ਇਨਕਮ ਟੈਕਸ ਵਿਭਾਗ ਦੀ ਇੱਕ ਉਚ ਪੱਧਰੀ ਟੀਮ ਨੇ ਅੱਜ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਨੇੜਲੇ ਆਗੂ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਦਿਆਲ ਸਿੰਘ ਕੋਲਿਆਂ ਵਾਲੀ ਦੇ ਘਰ ਛਾਪਾ ਮਾਰਿਆ। ਇਸ ਦੌਰਾਨ ਹਰੇ ਰੰਗ ਦੇ ਪਾਊਡਰ ਵਾਲੇ 30 ਪੈਕੇਟ ਬਰਾਮਦ ਹੋਏ ਹਨ। ਇਨ੍ਹਾਂ ਦੇ ਨਸ਼ੀਲੀ ਵਸਤੂ ਹੋਣ ਦਾ ਸ਼ੱਕ ਜ਼ਾਹਰ ਕੀਤਾ ਜਾ ਰਿਹਾ ਹੈ। ਪੈਕਟਾਂ ਦਾ ਵਜ਼ਨ ਪੰਜ-ਪੰਜ ਸੌ ਗਰਾਮ ਦੱਸਿਆ ਜਾਂਦਾ ਹੈ। ਛਾਪਾ ਵਿਭਾਗ ਨੂੰ ਕੋਈ ਗੁਪਤ ਸ਼ਿਕਾਇਤ ਮਿਲਣ ਕਾਰਨ ਮਾਰਿਆ ਗਿਆ। ਉਂਜ ਸੂਚਨਾ ਮੁਤਾਬਕ ਇਸ ਸਾਢੇ ਸੱਤ ਘੰਟੇ ਦੀ ਕਾਰਵਾਈ ਦੌਰਾਨ ਟੀਮ ਨੂੰ ਅਕਾਲੀ ਆਗੂ ਦੇ ਘਰੋਂ ਭਾਰੀ ਮਾਤਰਾ ਵਿੱਚ ਨਕਦੀ ਨਹੀਂ ਮਿਲੀ।
ਦੂਜੇ ਪਾਸੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਇਸ ਕਾਰਵਾਈ ਨੂੰ ਅਕਾਲੀ ਵਰਕਰਾਂ ਦਾ ਮਨੋਬਲ ਨੂੰ ਡੇਗਣ ਲਈ ਕੈਪਟਨ ਅਮਰਿੰਦਰ ਸਿੰਘ ਅਤੇ ਕੇਂਦਰ ਸਰਕਾਰ ਦੀ ਸਾਂਝੀ ਸਾਜ਼ਿਸ਼ ਕਰਾਰ ਦਿੱਤਾ ਹੈ।
ਮਿਲੀ ਜਾਣਕਾਰੀ ਅਨੁਸਾਰ ਅੱਜ ਸਵੇਰੇ ਕਰੀਬ 11 ਵਜੇ ਕੇਂਦਰੀ ਰਿਜ਼ਰਵ ਪੁਲਸ ਫੋਰਸ ਅਤੇ ਬੀ ਐਸ ਐਫ ਦੇ ਸੈਂਕੜੇ ਜਵਾਨਾਂ ਨੇ ਲੰਬੀ ਹਲਕੇ ਦੇ ਪਿੰਡ ਕੋਲਿਆਂ ਵਾਲੀ ਦੇ ਨਜ਼ਦੀਕ ਢਾਣੀ ਵਿੱਚ ਦਿਆਲ ਸਿੰਘ ਕੋਲਿਆਂ ਵਾਲੀ ਦੇ ਘਰ ਨੂੰ ਘੇਰ ਲਿਆ। ਛਾਪੇਮਾਰੀ ਲਈ ਤਿੰਨ ਵੱਖ-ਵੱਖ ਗੱਡੀਆਂ ਵਿੱਚ ਅੱਧੀ ਦਰਜਨ ਤੋਂ ਜ਼ਿਆਦਾ ਇਨਕਮ ਟੈਕਸ ਵਿਭਾਗ ਦੇ ਅਧਿਕਾਰੀ ਵੀ ਮੌਜੂਦ ਸਨ। ਛਾਪੇ ਦੀ ਸੂਚਨਾ ਮਿਲਣ 'ਤੇ ਉਨ੍ਹਾਂ ਦੇ ਵੱਡੀ ਗਿਣਤੀ ਹਮਾਇਤੀ ਉਨ੍ਹਾਂ ਦੀ ਰਿਹਾਇਸ਼ ਮੂਹਰੇ ਇਕੱਠੇ ਹੋ ਗਏ। ਸ਼ਾਮ 6.25 ਵਜੇ ਛਾਪਾ ਮਾਰਨ ਵਾਲੀ ਟੀਮ ਨੇ ਕਾਰਵਾਈ ਨੂੰ ਸਮਾਪਤ ਕੀਤਾ ਤੇ ਮੀਡੀਆ ਨਾਲ ਬਿਨਾਂ ਗੱਲ ਕੀਤੇ ਟੀਮ ਦੀਆਂ ਗੱਡੀਆਂ ਚੱਲੀਆਂ ਗਈਆਂ। ਇਸ ਪਿੱਛੋਂ ਸ੍ਰੀ ਕੋਲਿਆਂ ਵਾਲੀ ਨੇ ਇਸ ਕਾਰਵਾਈ ਨੂੰ ਕਾਂਗਰਸ ਪਾਰਟੀ ਦੀ ਸਾਜ਼ਿਸ਼ ਕਰਾਰ ਦਿੱਤਾ।
ਦੂਜੇ ਪਾਸੇ ਇਨਕਮ ਟੈਕਸ ਵਿਭਾਗ ਦੇ ਡਾਇਰੈਕਟਰ (ਜਾਂਚ) ਐਚ ਐਸ ਸੋਹੀ ਨੇ ਸੰਪਰਕ ਕਰਨ 'ਤੇ ਦੱਸਿਆ ਕਿ ਉਨ੍ਹਾਂ ਦੇ ਵਿਭਾਗ ਦੀ ਛਾਪੇਮਾਰੀ ਟੀਮ ਨੂੰ ਸ਼ਿਕਾਇਤ ਜਾਂ ਸੂਹ ਦੇ ਅਨੁਸਾਰ ਸ੍ਰੀ ਕੋਲਿਆਂ ਵਾਲੀ ਦੇ ਘਰੋਂ ਕੋਈ ਵੱਡੀ ਨਕਦੀ ਨਹੀਂ ਬਰਾਮਦ ਹੋਈ। ਉਨ੍ਹਾਂ ਕਿਹਾ ਕਿ ਟੀਮ ਨੂੰ ਸਰਚ ਦੌਰਾਨ ਪਾਊਡਰ ਦੇ ਕਾਫੀ ਪੈਕਟ ਬਰਾਮਦ ਹੋਏ ਹਨ, ਜਿਨ੍ਹਾਂ ਨੂੰ ਲੋਕਲ ਪੁਲਸ ਨੂੰ ਸੌਂਪ ਦਿੱਤਾ ਗਿਆ ਹੈ।
ਥਾਣਾ ਕਬਰ ਵਾਲਾ ਦੇ ਮੁਖੀ ਰਾਜਿੰਦਰਪਾਲ ਸਿੰਘ ਨੇ ਦੱਸਿਆ ਕਿ ਟੀਮ ਨੇ ਉਨ੍ਹਾਂ ਨੂੰ ਹਰੇ ਰੰਗ ਦੇ ਪਾਊਡਰ ਵਾਲੇ 30 ਪੈਕਟ ਸੌਂਪੇ ਹਨ, ਜਿਨ੍ਹਾਂ ਨੂੰ ਜਾਂਚ ਲਈ ਲੈਬ ਵਿੱਚ ਭੇਜਿਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਪੈਕਟਾਂ ਦਾ ਵਜ਼ਨ ਪੰਜ-ਪੰਜ ਸੌ ਗਰਾਮ ਦੱਸਿਆ ਜਾ ਰਿਹਾ ਹੈ।
|
|
|
ਚੋਣ ਕਮਿਸ਼ਨ ਨੇ ਛਾਪਾ ਨਹੀਂ ਮਾਰਿਆ : ਕੁਸੁਮਜੀਤ

ਚੰਡੀਗੜ੍ਹ, 26 ਜਨਵਰੀ (ਪੋਸਟ ਬਿਊਰੋ)- ਪੰਜਾਬ ਦੀ ਮੁੱਖ ਚੋਣ ਅਧਿਕਾਰੀ ਕੁਸੁਮਜੀਤ ਸਿੱਧੂ ਨੇ ਸਪੱਸ਼ਟ ਕੀਤਾ ਹੈ ਕਿ ਲੰਬੀ ਹਲਕੇ ਨਾਲ ਸਬੰਧਤ ਅਕਾਲੀ ਆਗੂ ਦਿਆਲ ਸਿੰਘ ਕੋਲਿਆਂ ਵਾਲੀ ਦੇ ਘਰ ਛਾਪੇ ਨਾਲ ਚੋਣ ਕਮਿਸ਼ਨ ਦਾ ਕੋਈ ਸਬੰਧ ਨਹੀਂ ਹੈ। ਉਨ੍ਹਾਂ ਕਿਹਾ ਕਿ ਇਹ ਛਾਪਾ ਆਮਦਨ ਕਰ ਵਿਭਾਗ ਵੱਲੋਂ ਮਾਰਿਆ ਗਿਆ ਸੀ।
ਛਾਪੇ ਤੋਂ ਬਾਅਦ ਆਮਦਨ ਕਰ ਵਿਭਾਗ ਤੇ ਪੁਲਸ ਵੱਲੋਂ ਚੋਣ ਕਮਿਸ਼ਨ ਨੂੰ ਜੋ ਜਾਣਕਾਰੀ ਮੁਹੱਈਆ ਕਰਵਾਈ ਗਈ ਹੈ, ਉਸ ਮੁਤਾਬਕ ਦਿਆਲ ਸਿੰਘ ਕੋਲਿਆਂ ਵਾਲੀ ਦੇ ਘਰੋਂ 15 ਪੈਕਟ ਮਿਲੇ ਹਨ, ਜਿਨ੍ਹਾਂ ਵਿੱਚ ਸ਼ੱਕੀ ਕਿਸਮ ਦਾ ਪਾਊਡਰ ਹੈ। ਇਸ ਪਾਊਡਰ ਦੀ ਮੌਕੇ 'ਤੇ ਪਛਾਣ ਨਹੀਂ ਹੋ ਸਕੀ। ਬੀਬੀ ਸਿੱਧੂ ਨੇ ਕਿਹਾ ਕਿ ਬਰਾਮਦ ਹੋਇਆ ਸ਼ੱਕੀ ਪਦਾਰਥ ਫੋਰੈਂਸਿਕ ਲੈਬਾਰਟਰੀ ਵਿੱਚ ਭੇਜਿਆ ਜਾ ਰਿਹਾ ਹੈ ਤੇ ਰਿਪੋਰਟ ਆਉਣ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾਵੇਗੀ।
|
|
|
ਮਹਾ ਲਕਸ਼ਮੀ ਮੈਡੀਕੋਜ਼ ਦਾ ਲਾਇਸੈਂਸ ਹੋਇਆ ਕੈਂਸਲ

* ਕਈ ਵਾਰੀ ਜ਼ਬਤ ਕੀਤੀਆਂ ਗਈਆਂ ਸਨ ਨਸ਼ੇ ਦੀਆਂ ਦਵਾਈਆਂ
ਜਲੰਧਰ, 26 ਜਨਵਰੀ (ਪੋਸਟ ਬਿਊਰੋ)- ਸਿਹਤ ਵਿਭਾਗ ਨੇ ਸਥਾਨਕ ਦਿਲਕੁਸ਼ਾ ਮਾਰਕੀਟ ਦੀ ਹੋਲਸੇਲ ਦਵਾਈਆਂ ਦੀ ਦੁਕਾਨ ਮਹਾ ਲਕਸ਼ਮੀ ਮੈਡੀਕੋਜ਼ ਦਾ ਲਾਇਸੈਂਸ ਆਖਰ ਕੈਂਸਲ ਕਰ ਦਿੱਤਾ ਹੈ।
ਜ਼ਿਕਰ ਯੋਗ ਹੈ ਕਿ ਉਕਤ ਦੁਕਾਨ ਤੋਂ ਵਿਭਾਗ ਨੇ ਕਈ ਵਾਰ ਭਾਰੀ ਮਾਤਰਾ 'ਚੋਂ ਅਜਿਹੀਆਂ ਦਵਾਈਆਂ ਜ਼ਬਤ ਕੀਤੀਆਂ ਸਨ, ਜਿਨ੍ਹਾਂ ਦੀ ਵਰਤੋਂ ਆਮ ਤੌਰ 'ਤੇ ਨਸ਼ੇ ਲਈ ਕੀਤੀ ਜਾਂਦੀ ਹੈ। ਉਕਤ ਦੁਕਾਨ ਦਾ ਲਾਇਸੈਂਸ ਸਸਪੈਂਡ ਵੀ ਹੋ ਚੁੱਕਿਆ ਹੈ।
ਪਿਛਲੀ ਪੰਜ ਜਨਵਰੀ ਨੂੰ ਵਿਭਾਗ ਦੀ ਟੀਮ ਨੇ ਪੁਲਸ ਦੇ ਨਾਲ ਮਿਲ ਕੇ ਉਕਤ ਦੁਕਾਨ ਦੇ ਜਿੰਦੇ ਤੋੜ ਕੇ ਲਗਭਗ ਇਕ ਲੱਖ ਰੁਪਏ ਦੀਆਂ ਦਵਾਈਆਂ ਬਰਾਮਦ ਕੀਤੀਆਂ ਸਨ ਤੇ ਦੁਕਾਨ ਨੂੰ ਸੀਲ ਕਰਕੇ ਇਕ ਚਾਬੀ ਪੁਲਸ ਤੇ ਇਕ ਚਾਬੀ ਮਾਰਕੀਟ ਦੇ ਪ੍ਰਧਾਨ ਗੋਪਾਲ ਕ੍ਰਿਸ਼ਨ ਨੂੰ ਸੌਂਪ ਦਿੱਤੀ ਸੀ। ਉਕਤ ਦੁਕਾਨ ਉਸ ਸਮੇਂ ਤੋਂ ਬੰਦ ਪਈ ਸੀ। ਮਿਲੀ ਜਾਣਕਾਰੀ ਅਨੁਸਾਰ ਇਸ ਦੁਕਾਨ ਦਾ ਲਾਇਸੈਂਸ ਕੈਂਸਲ ਹੋਣ ਸੰਬੰਧੀ ਆਦੇਸ਼ ਜਾਰੀ ਹੋ ਗਏ ਹਨ। ਇਸ 'ਚ ਕੁਝ ਦੇਰ ਪਹਿਲਾਂ ਡਰੱਗ ਇੰਸਪੈਕਟਰਾਂ ਦੀ ਟੀਮ ਨੇ ਮਾਰਕੀਟ 'ਚ ਸਥਿਤ ਇਕ ਗੋਦਾਮ ਨੂੰ ਇਸ ਸ਼ੱਕ 'ਤੇ ਸੀਲ ਕੀਤਾ ਸੀ ਕਿ ਉਸ 'ਚ ਦਵਾਈਆਂ ਪਈਆਂ ਹੋ ਸਕਦੀਆਂ ਹਨ। ਉਦੋਂ ਮਾਰਕੀਟ ਦੇ ਪ੍ਰਧਾਨ ਤੇ ਹੋਰ ਲੋਕਾਂ ਨੇ ਇਹ ਕਿਹਾ ਸੀ ਕਿ ਉਕਤ ਗੋਦਾਮ ਮਹਾਲਕਸ਼ਮੀ ਮੈਡੀਕੋਜ਼ ਵਾਲਿਆਂ ਦਾ ਹੈ। ਜਿਸ ਦਿਨ ਗੋਦਾਮ ਨੂੰ ਸੀਲ ਕੀਤਾ ਗਿਆ ਸੀ, ਉਸ ਦੇ ਦੂਸਰੇ ਦਿਨ ਇਸ ਦੀ ਸੀਲ ਟੁੱਟੀ ਹੋਈ ਸੀ ਤੇ ਇਸ ਦਾ ਅੱਜ ਤੱਕ ਪਤਾ ਨਹੀਂ ਲੱਗ ਸਕਿਆ ਕਿ ਸੀਲ ਤੋੜੀ ਕਿਸਨੇ ਸੀ। ਸਿਹਤ ਵਿਭਾਗ ਦੇ ਸੂਤਰਾਂ ਦੇ ਅਨੁਸਾਰ ਜਲਦੀ ਹੀ ਹੋਰ ਦੁਕਾਨਾਂ ਦੇ ਲਾਇਸੈਂਸ ਵੀ ਕੈਂਸਲ ਕੀਤੇ ਜਾ ਸਕਦੇ ਹਨ।
|
|
|
ਪੰਜਾਬ ਦੇ ਇੱਕ ਆਈ ਪੀ ਐਸ ਅਤੇ ਇੱਕ ਪੀ ਪੀ ਐਸ ਅਧਿਕਾਰੀ ਨੂੰ ਮਿਲਿਆ ਰਾਸ਼ਟਰਪਤੀ ਪੁਲਸ ਮੈਡਲ

* 15 ਹੋਰ ਪੁਲਸ ਅਧਿਕਾਰੀਆਂ, ਕਰਮਚਾਰੀਆਂ ਨੂੰ ਪੁਲਸ ਮੈਡਲ
* ਮੁਹੰਮਦ ਮੁਸਤਫਾ, ਗੁਰਪ੍ਰੀਤ ਭੁੱਲਰ ਅਤੇ ਰਜਿੰਦਰ ਸਿੰਘ ਵੀ ਸੂਚੀ 'ਚ ਸ਼ਾਮਲ
ਚੰਡੀਗੜ੍ਹ, 26 ਜਨਵਰੀ (ਪੋਸਟ ਬਿਊਰੋ)- ਪੰਜਾਬ ਦੇ ਸੇਵਾ-ਮੁਕਤ ਡੀ ਜੀ ਪੀ (ਸੁਰੱਖਿਆ) ਐਸ ਐਮ ਸ਼ਰਮਾ ਆਈ ਪੀ ਐਸ ਅਤੇ ਇੱਕ ਪੀ ਪੀ ਐਸ ਅਧਿਕਾਰੀ ਰਾਜਿੰਦਰ ਸਿੰਘ, ਐਸ ਪੀ ਓਪਰੇਸ਼ਨ ਜਲੰਧਰ ਲਈ ਉਨ੍ਹਾਂ ਦੀਆਂ ਵਿਲੱਖਣ ਸੇਵਾਵਾਂ ਬਦਲੇ ਗਣਤੰਤਰ ਦਿਵਸ-2012 ਮੌਕੇ ਰਾਸ਼ਟਰਪਤੀ ਪੁਲਸ ਮੈਡਲ ਦਾ ਐਲਾਨ ਕੀਤਾ ਗਿਆ ਹੈ।
ਪੰਜਾਬ ਪੁਲਸ ਦੇ ਬੁਲਾਰੇ ਅਨੁਸਾਰ ਰਾਜਨ ਗੁਪਤਾ, ਆਈ ਪੀ ਐਸ, ਡੀ ਜੀ ਪੀ, ਅਮਨ ਅਤੇ ਕਾਨੂੰਨ ਅਤੇ ਡੀ ਜੀ ਪੀ ਆਰਮਡ ਬਟਾਲੀਅਨਜ਼ ਪੰਜਾਬ, ਸੰਜੀਵ ਗੁਪਤਾ, ਆਈ ਪੀ ਐਸ, ਵਧੀਕ ਡੀ ਜੀ ਪੀ ਰੇਲਵੇਜ਼ ਪੰਜਾਬ, ਮੁਹੰਮਦ ਮੁਸਤਫਾ ਆਈ ਪੀ ਐਸ, ਵਧੀਕ ਡੀ ਜੀ ਪੀ ਅੰਦਰੂਨੀ ਚੌਕਸੀ ਸੈਲ ਅਤੇ ਮਨੁੱਖੀ ਅਧਿਕਾਰ, ਪੰਜਾਬ, ਜਸਮਿੰਦਰ ਸਿੰਘ ਆਈ ਪੀ ਐਸ, ਵਧੀਕ ਡੀ ਜੀ ਪੀ, ਸੂਚਨਾ ਤਕਨਾਲੋਜੀ ਅਤੇ ਦੂਰਸੰਚਾਰ, ਚੰਡੀਗੜ੍ਹ, ਪੰਜਾਬ ਸ੍ਰੀ ਐਲ ਕੇ ਯਾਦਵ, ਡੀ ਆਈ ਜੀ, ਪਟਿਆਲਾ ਰੇਂਜ, ਸ੍ਰ. ਗੁਰਪ੍ਰੀਤ ਸਿੰਘ ਭੁੱਲਰ, ਐਸ ਐਸ ਪੀ, ਐਸ ਏ ਐਸ ਨਗਰ ਮੁਹਾਲੀ, ਸ੍ਰੀਮਤੀ ਹਰਪ੍ਰੀਤ ਕੌਰ, ਏ ਆਈ ਜੀ ਲਿਟੀਗੇਸ਼ਨ ਪੰਜਾਬ, ਸ੍ਰੀ ਏ ਕੇ ਮਿੱਤਲ, ਏ ਆਈ ਜੀ ਜੋਨਲ ਸੀ ਆਈ ਡੀ, ਚੰਡੀਗੜ੍ਹ ਪੰਜਾਬ, ਇੰਸਪੈਕਟਰ ਸੋਮ ਨਾਥ, ਪੁਲਸ ਥਾਣਾ ਭਾਰਗੋ ਕੈਂਪ, ਜਲੰਧਰ, ਇੰਸਪੈਕਟਰ ਬਲਜੀਤ ਸਿੰਘ, ਸੀ ਆਈ ਡੀ ਯੂਨਿਟ, ਚੰਡੀਗੜ੍ਹ, ਪੰਜਾਬ, ਸਬ ਇੰਸਪੈਕਟਰ ਸਮੇਰ ਸਿੰਘ, ਬਠਿੰਡਾ ਸੀ ਆਈ ਡੀ ਯੂਨਟ, ਸਬ ਇੰਸਪੈਕਟਰ ਨਿਰਮਲ ਸਿੰਘ, ਐਸ ਓ ਸੀ ਅੰਮ੍ਰਿਤਸਰ, ਸਬ ਇੰਸਪੈਕਟਰ ਬਲਕਾਰ ਸਿੰਘ, 2 ਆਈ ਆਰ ਬੀ ਲੱਡਾ ਕੋਠੀ, ਏ ਐਸ ਆਈ ਬ੍ਰਿਜ ਮੋਹਨ, ਐਨ ਆਰ ਆਈ ਪੁਲਸ ਥਾਣਾ ਹੁਸ਼ਿਆਰਪੁਰ ਅਤੇ ਏ ਐਸ ਆਈ ਕੰਵਰਪਾਲ, ਰੀਡਰ, ਡੀ ਐਸ ਪੀ ਮੁੱਖ ਦਫਤਰ ਪਟਿਆਲਾ ਨੂੰ ਉਨ੍ਹਾਂ ਦੀਆਂ ਸ਼ਾਨਦਾਰ ਸੇਵਾਵਾਂ ਬਦਲੇ ਗਣਤੰਤਰ ਦਿਵਸ ਮੌਕੇ ਪੁਲਸ ਮੈਡਲ ਦੇਣ ਦਾ ਐਲਾਨ ਕੀਤਾ ਗਿਆ ਹੈ।
ਜ਼ਿਕਰ ਯੋਗਹੈ ਕਿ ਏ ਡੀ ਜੀ ਪੀ ਮੁਹੰਮਦ ਮੁਸਤਫਾ ਕੋਲ ਇਸ ਤੋਂ ਪਹਿਲਾਂ ਪੰਜ ਬਹਾਦਰੀ ਪੁਰਸਕਾਰ ਹਨ, ਜਿਹੜੇ ਹਾਲੇ ਤੱਕ ਕਿਸੇ ਵੀ ਆਈ ਪੀ ਐਸ ਅਧਿਕਾਰੀ ਨਹੀਂ ਮਿਲੇ। ਉਹ ਭਾਰਤ ਵਿੱਚ ਹੁਮ ਤੱਕ ਦੇ ਪਹਿਲੇ ਘੱਟ ਉਮਰ ਦੇ ਏ ਡੀ ਜੀ ਪੀ ਦੇ ਅਹੁਦੇ ਉਤੇ ਪਹੁੰਚਣ ਵਾਲੇ ਆਈ ਪੀ ਐਸ ਅਫਸਰ ਹਨ। ਜਾਣਕਾਰੀ ਮੁਤਾਬਕ ਉਨ੍ਹਾਂ ਦਾ ਸੇਵਾਕਾਲ ਹਾਲੇ ਕਾਫੀ ਰਹਿੰਦਾ ਹੈ। ਉਹ 2021 ਵਿੱਚ ਸੇਵਾ ਮੁਕਤ ਹੋਣਗੇ। ਉਨ੍ਹਾਂ ਨੂੰ ਰਾਸ਼ਟਰਪਤੀ ਮੈਡਲ ਪੰਜਾਬ ਦੇ ਗ੍ਰਹਿ ਮੰਤਰੀ ਸ੍ਰ. ਸੁਖਬੀਰ ਸਿੰਘ ਬਾਦਲ ਦੀਆਂ ਸਿਫਾਰਸ਼ਾਂ 'ਤੇ ਮਿਲ ਰਿਹਾ ਹੈ। ਸੁਖਬੀਰ ਵਲੋਂ ਲਿਖੇ ਪੱਤਰ ਵਿੱਚ ਕਿਹਾ ਗਿਆ ਹੈ ਕਿ ਮੁਹੰਮਦ ਮੁਸਤਫਾ ਇੱਕ ਅਜਿਹੇ ਜਾਂਬਾਜ਼ ਅਫਸਰ ਹਨ, ਜਿਹੜੇ ਜਿਸ ਕੰਮ ਨੂੰ ਹੱਥ ਪਾਉਂਦੇ ਹਨ, ਉਸ ਨੂੰ ਇਮਾਨਦਾਰੀ ਅਤੇ ਲਗਨ ਨਾਲ ਪੂਰਾ ਕਰਦੇ ਹਨ।
|
|
|
ਚੌਟਾਲੇ ਨੇ ਕਾਂਗਰਸ ਨੂੰ ਅੰਗਰੇਜ਼ਾਂ ਦੀ ਪਿੱਠੂ ਆਖਿਆ

ਲੰਬੀ, 25 ਜਨਵਰੀ (ਪੋਸਟ ਬਿਊਰੋ)- ਓਮ ਪ੍ਰਕਾਸ਼ ਚੌਟਾਲਾ ਨੇ ਪੁਰਾਣੀ ਦੋਸਤੀ ਲਈ ਕੱਲ੍ਹ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਹਲਕੇ ਲੰਬੀ 'ਚ ਚੋਣ ਰੈਲੀ ਕੀਤੀ। ਪਿੰਡ ਮਾਹੂਆਣਾ 'ਚ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਕਾਂਗਰਸ ਇਕ ਪਾਸੇ ਗਰੀਬਾਂ ਨੂੰ ਨਰੇਗਾ ਸਕੀਮ ਤਹਿਤ 180 ਰੁਪਏ ਦਿਹਾੜੀ ਦੇ ਰਹੀ ਹੈ ਤੇ ਦੂਜੇ ਪਾਸੇ 26 ਰੁਪਏ ਕਮਾਉਣ ਵਾਲੇ ਨੂੰ ‘ਬਿਰਲਾ ਸੇਠ ਦਾ ਪੋਤਰਾ’ ਸਮਝ ਰਹੀ ਹੈ। ਕਾਂਗਰਸ ਸਰਕਾਰ ਕਿਸਾਨਾਂ ਨੂੰ ਫਸਲਾਂ ਦਾ ਵਾਜਬ ਮੁੱਲ ਵੀ ਨਹੀਂ ਦੇਂਦੀ, ਪੈਟਰੋਲ-ਡੀਜ਼ਲ ਦੇ ਭਾਅ ਦਿਨੋ-ਦਿਨ ਵਧਾ ਰਹੀ ਹੈ, ਜਿਸ ਦਾ ਬੋਝ ਆਮ ਆਦਮੀ ਤੇ ਕਿਸਾਨ 'ਤੇ ਪੈਂਦਾ ਹੈ। ਮੁੱਖ ਮੰਤਰੀ ਬਾਰੇ ਉਨ੍ਹਾਂ ਕਿਹਾ ਕਿ ਬਾਦਲ ਸਰਕਾਰ ਹੀ ਅਜਿਹੀ ਸਰਕਾਰ ਹੈ, ਜੋ ਗਰੀਬਾਂ ਲਈ ਸੋਚਦੀ ਹੈ ਤੇ ਸ਼ਗਨ ਸਕੀਮ, ਆਟਾ ਦਾਲ, ਬੁਢਾਪਾ ਪੈਨਸ਼ਨ ਆਦਿ ਕਈ ਸਕੀਮਾਂ ਬਾਦਲ ਸਾਹਿਬ ਦੀ ਦੇਣ ਹਨ। ਉਨ੍ਹਾਂ ਕਿਹਾ ਕਿ ਜੇ ਕਾਂਗਰਸ ਚੰਗੀ ਹੁੰਦੀ ਤਾਂ ਮੇਰਾ ਪਿਉ ਅਤੇ ਮੈਂ ਕਾਂਗਰਸ ਨੂੰ ਕਿਉਂ ਛੱਡਦੇ, ਉਸ ਦਾ ਘਾਹ ਹੀ ਮਾੜਾ ਹੈ ਤੇ ਇਹ ਕਾਂਗਰਸ ਅੰਗਰੇਜ਼ਾਂ ਦੀ ਪਿੱਠੂ ਹੈ।
ਚੌਟਾਲਾ ਨੇ ਗੁਰਦਾਸ ਬਾਦਲ 'ਤੇ ਵਰ੍ਹਦਿਆਂ ਕਿਹਾ ਕਿ ਨਵੀਂ ਬਣੀ ਪੰਜਾਬ ਪੀਪਲਜ਼ ਪਾਰਟੀ ਦਾ ਕੋਈ ਵਜੂਦ ਨਹੀਂ ਹੈ। ਲੋਕ ਬਹੁਤ ਸਮਝਦਾਰ ਹੋ ਚੁੱਕੇ ਹਨ ਤੇ ਆਪਣੀ ਵੋਟ ਨਵੀਂ ਪਾਰਟੀ ਨੂੰ ਪਾ ਕੇ ਖਰਾਬ ਨਹੀਂ ਕਰਨਗੇ। ਉਨ੍ਹਾਂ ਲੰਬੀ ਹਲਕੇ ਦੇ ਪਿੰਡ ਸਹਿਣਾ ਖੇੜਾ, ਆਧਣੀਆਂ, ਮਾਹੂਆਣਾ, ਮਹੀਆਂ ਵਾਲਾ, ਬਲੋਚ ਖੇਰਾ, ਕੱਖਾਂ ਵਾਲੀ, ਕੁੱਤਿਆਂ ਵਾਲੀ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕਾਂਗਰਸ ਸਰਕਾਰ ਭ੍ਰਿਸ਼ਟਾਚਾਰ ਦੀ ਚਪੇਟ ਵਿੱਚ ਆ ਚੁੱਕੀ ਹੈ ਤੇ ਇਸ ਦੇ ਵੱਡੇ-ਵੱਡੇ ਲੀਡਰ ਭ੍ਰਿਸ਼ਟਾਚਾਰ ਦੇ ਕੇਸਾਂ ਵਿੱਚ ਜੇਲ ਵਿੱਚ ਬੰਦ ਹਨ।
|
|
|
ਸੁਖਬੀਰ ਨੇ ਕਿਹਾ: ਕਾਂਗਰਸੀਆਂ ਨੂੰ ਸਰਹੱਦ ਤੋਂ ਪਾਰ ਭੇਜ ਦਿਆਂਗੇ

ਮੂਨਕ, 25 ਜਨਵਰੀ (ਪੋਸਟ ਬਿਊਰੋ)- ‘ਕਾਂਗਰਸੀਆਂ ਨੂੰ ਡੱਬੇ 'ਚ ਬੰਦ ਕਰਕੇ ਸਰਹੱਦ ਤੋਂ ਪਾਰ ਛੱਡ ਆਵਾਂਗੇ, ਕਿਉਂਕਿ ਕੈਪਟਨ ਅਮਰਿੰਦਰ ਸਿੰਘ ਖੁਦ ਪਾਕਿਸਤਾਨ ਜਾਣਾ ਚਾਹੁੰਦਾ ਹੈ।’ ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਅਕਾਲੀ ਦਲ ਦੇ ਪ੍ਰਧਾਨ ਤੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਅਕਾਲੀ ਭਾਜਪਾ ਉਮੀਦਵਾਰ ਸਾਬਕਾ ਏ ਡੀ ਸੀ ਸੁਖਵੰਤ ਸਿੰਘ ਸਰਾਓ ਦੀ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਕੀਤਾ।
ਉਨ੍ਹਾਂ ਕਿਹਾ ਕਿ ਮੈਂ ਇਹ ਗੱਲ ਕਹਿਣ ਤੋਂ ਗੁਰੇਜ਼ ਨਹੀਂ ਕਰਾਂਗਾ ਕਿ ਕਾਂਗਰਸ ਹੁਣ ਸੀਟਾਂ ਜਿੱਤਣ ਦੇ ਸੁਪਨੇ ਛੱਡ ਦੇਵੇ, ਕਿਉਂਕਿ ਪੂਰੇ ਪੰਜਾਬ 'ਚ ਅਕਾਲੀ ਦਲ ਤੇ ਬੀ ਜੇ ਪੀ ਦਾ ਤੂਫਾਨ ਚੱਲ ਰਿਹਾ ਹੈ, ਜੋ ਕਾਂਗਰਸ ਪਾਰਟੀ ਨੂੰ ਉਡਾ ਕੇ ਰੱਖ ਦੇਵੇਗਾ। ਚੋਣ ਲੜਨ ਲਈ ਸਾਡਾ ਟੀਚਾ ਵਿਕਾਸ ਹੈ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਸੁਖਦੇਵ ਸਿੰਘ ਢੀਂਡਸਾ ਨੇ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਸ ਹਲਕੇ ਦੀ ਖੁਸ਼ਕਿਸਮਤੀ ਹੈ ਕਿ ਤੁਹਾਨੂੰ ਅਜਿਹਾ ਪੜ੍ਹਿਆ ਲਿਖਿਆ ਰਿਟਾਇਰਡ ਅਫਸਰ ਬਤੌਰ ਵਿਧਾਇਕ ਚੁਣਨ ਨੂੰ ਮਿਲਿਆ ਹੈ।
|
|
|
10 ਹਜ਼ਾਰ ਦੀ ਰਿਸ਼ਵਤ ਲੈਣ ਵਾਲਾ ਕਲਰਕ ਜੇਲ ਭੇਜਿਆ

ਚੰਡੀਗੜ੍ਹ, 25 ਜਨਵਰੀ (ਪੋਸਟ ਬਿਊਰੋ)- ਸੀ ਬੀ ਆਈ ਦੇ ਐਂਟੀ ਕੁਰੱਪਸ਼ਨ ਸੈਲ ਨੇ ਕੱਲ੍ਹ ਕੇਂਦਰੀ ਵਾਤਾਵਰਣ ਤੇ ਜੰਗਲਾਤ ਮੰਤਰਾਲੇ ਦੇ ਉਤਰੀ ਖੇਤਰ ਦਫਤਰ ਦੇ ਜਿਸ ਕਲਰਕ ਨੂੰ 10 ਹਜ਼ਾਰ ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਗ੍ਰਿਫਤਾਰ ਕੀਤਾ ਗਿਆ ਸੀ, ਉਸ ਨੂੰ ਸੀ ਬੀ ਆਈ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਸੀ ਬੀ ਆਈ ਅਦਾਲਤ ਨੇ ਕਲਰਕ ਵਿਸ਼ਨੂੰ ਕਾਂਤ ਠਾਕੁਰ ਨੂੰ ਨਿਆਂਇਕ ਹਿਰਾਸਤ 'ਤੇ ਜੇਲ ਭੇਜ ਦਿੱਤਾ।
ਸੀ ਬੀ ਆਈ ਨੂੰ ਮੌਲੀ ਜੱਗਰਾਂ ਦੀ ਇਕ ਔਰਤ ਨੇ ਸ਼ਿਕਾਇਤ ਕੀਤੀ ਸੀ ਕਿ ਉਕਤ ਕਲਰਕ ਉਸ ਤੋਂ ਐਨ ਓ ਸੀ ਸਰਟੀਫਿਕੇਟ ਜਾਰੀ ਕਰਨ ਬਦਲੇ 10 ਹਜ਼ਾਰ ਰੁਪਏ ਮੰਗ ਰਿਹਾ ਹੈ। ਉਸ ਨੇ ਹੁਸ਼ਿਆਪੁਰ ਜ਼ਿਲੇ ਦੇ ਗੜ੍ਹਸ਼ੰਕਰ ਵਿੱਚ ਪੈਟਰੋਲ ਪੰਪ ਸਥਾਪਤ ਕਰਨ ਲਈ ਨੋ-ਆਬਜੈਕਸ਼ਨ ਸਰਟੀਫਿਕੇਟ ਜਾਰੀ ਕਰਨ ਦੀ ਬੇਨਤੀ ਕੀਤੀ ਸੀ। ਸੀ ਬੀ ਆਈ ਨੇ ਟਰੈਪ ਲਾਇਆ। ਜਦੋਂ ਰਿਸ਼ਵਤ ਲੈ ਕੇ ਕਲਰਕ ਮੋਟਰ ਸਾਈਕਲ ਤੇ ਜਾਣ ਲੱਗਾ ਤਾਂ ਸੀ ਬੀ ਆਈ ਵਾਲਿਆਂ ਨੇ ਉਸ ਨੂੰ ਫੜ ਕੇ ਉਸ ਤੋਂ 10 ਹਜ਼ਾਰ ਰੁਪਏ ਦੀ ਰਕਮ ਬਰਾਮਦ ਕਰ ਲਈ। ਸੀ ਬੀ ਆਈ ਤਫਤੀਸ਼ ਕਰ ਰਹੀ ਹੈ।
|
|
|
ਜਦੋਂ ਤੱਕ ਨਵੇਂ ਪ੍ਰਧਾਨ ਦੀ ਚੋਣ ਨਹੀਂ ਹੁੰਦੀ, ਸ਼੍ਰੋਮਣੀ ਕਮੇਟੀ ਦਾ ਮੈਂ ਹੀ ਪ੍ਰਧਾਨ ਹਾਂ : ਮੱਕੜ

ਆਨੰਦਪੁਰ ਸਾਹਿਬ, 25 ਜਨਵਰੀ (ਪੋਸਟ ਬਿਊਰੋ)- ਜਦੋਂ ਤੱਕ ਸ਼੍ਰੋਮਣੀ ਕਮੇਟੀ ਦੇ ਨਵੇਂ ਪ੍ਰਧਾਨ ਦੀ ਚੋਣ ਨਹੀਂ ਹੁੰਦੀ, ਉਦੋਂ ਤੱਕ ਮੈਂ ਹੀ ਪ੍ਰਧਾਨ ਹਾਂ। ਇਹ ਗੱਲ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਮੱਕੜ ਨੇ ਕਹੀ ਹੈ।
ਕੱਲ੍ਹ ਆਨੰਦਪੁਰ ਸਾਹਿਬ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਸਹਿਜਧਾਰੀ ਫੈਡਰੇਸ਼ਨ ਦਾ ਪ੍ਰਧਾਨ ਪਰਮਜੀਤ ਸਿੰਘ ਰਾਣੂੰ ਸ਼ਾਇਦ ਨਹੀਂ ਜਾਣਦਾ ਕਿ ਗੁਰਦੁਆਰਾ ਐਕਟ 1925 ਵਿੱਚ ਇਹ ਮੱਦ ਦਰਜ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਵੀ ਮੈਂ ਪ੍ਰਧਾਨ ਸੀ ਤੇ ਹੁਣ ਵੀ ਮੈਂ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਹਾਂ। ਪ੍ਰਧਾਨਗੀ ਦੀ ਚੋਣ ਵਿੱਚ ਹੋ ਰਹੀ ਦੇਰੀ ਬਾਰੇ ਪੁੱਛਣ 'ਤੇ ਉਨ੍ਹਾਂ ਕਿਹਾ ਕਿ ਇਸ ਵਿੱਚ ਕੇਂਦਰ ਸਰਕਾਰ ਦੀ ਬੇਈਮਾਨੀ ਹੈ, ਅਸੀਂ ਕਈ ਵਾਰ ਕੇਂਦਰ ਦੇ ਅਧਿਕਾਰੀਆਂ ਨਾਲ ਇਸ ਬਾਰੇ ਗੱਲ ਕੀਤੀ, ਪਰ ਕੋਈ ਤਸੱਲੀ ਬਖਸ਼ ਜੁਆਬ ਨਹੀਂ ਦਿੰਦੇ। ਜਦੋਂ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਸ੍ਰੀ ਦਰਬਾਰ ਸਾਹਿਬ ਆਏ ਤਾਂ ਅਸੀਂ ਕਿਹਾ ਸੀ, ਪਰ ਅਜੇ ਤੱਕ ਕੋਈ ਵੀ ਕਾਰਵਾਈ ਅਮਲ ਵਿੱਚ ਨਹੀਂ ਲਿਆਂਦੀ ਗਈ। ਮੱਕੜ ਨੇ ਕਿਹਾ ਕਿ 16 ਦਸੰਬਰ ਨੂੰ ਨੋਟੀਫਿਕੇਸ਼ਨ ਜਾਰੀ ਹੋਇਆ ਸੀ ਤੇ ਨਿਯਮਾਂ ਮੁਤਾਬਕ ਇੱਕ ਮਹੀਨੇ ਦੇ ਅੰਦਰ ਪ੍ਰਧਾਨਗੀ ਚੋਣ ਕਰਾਉਣੀ ਜ਼ਰੂਰੀ ਹੁੰਦੀ ਹੈ, ਪਰ ਮਹੀਨੇ ਤੋਂ ਕਈ ਦਿਨ ਉਪਰ ਹੋਣ ਦੇ ਬਾਵਜੂਦ ਕਾਰਵਾਈ ਨਹੀਂ ਕੀਤੀ ਜਾ ਰਹੀ।
|
|
|
ਹਾਂਸੀ-ਬੁਟਾਣਾ ਨਹਿਰ ਤੇ ਘੱਗਰ ਵਿਚਾਲੇ ‘ਟੋਅ ਵਾਲ’ ਤਿਆਰ

* ਨੇੜਲੇ ਵਸਨੀਕਾਂ ਲਈ ਹੜ੍ਹਾਂ ਦਾ ਖਤਰਾ ਘਟਿਆ
ਗੁੂਹਲਾ ਚੀਕਾ, 25 ਜਨਵਰੀ (ਪੋਸਟ ਬਿਊਰੋ)- ਹਰਿਆਣਾ ਅਤੇ ਪੰਜਾਬ ਦੋਵਾਂ ਰਾਜਾਂ ਨੂੰ ਸੁਪਰੀਮ ਕੋਰਟ ਲੈ ਜਾਣ ਵਾਲੀ ਹਾਂਸੀ-ਬੁਟਾਣਾ ਨਹਿਰ ਅਤੇ ਘੱਗਰ ਦਰਿਆ ਵਿਚਾਲੇ ਬਣਾਈ ਗਈ ਟੋਅ ਵਾਲ ਬਣ ਕੇ ਤਿਆਰ ਹੋ ਗਈ ਹੈ। ਇਸ ਮਹੀਨੇ ਦੇ ਆਖਰ ਵਿੱਚ ਇਸ ਦਾ ਸਰਕਾਰੀ ਤੌਰ 'ਤੇ ਐਲਾਨ ਕਰ ਦਿੱਤਾ ਜਾਵੇਗਾ।
ਸੁਪਰੀਮ ਕੋਰਟ ਵਿੱਚ ਪੰਜਾਬ ਸਰਕਾਰ ਦੀ ਅਪੀਲ ਖਾਰਜ ਹੋ ਜਾਣ ਤੋਂ ਬਾਅਦ ਪੰਜਾਬ ਦੇ ਨੇਤਾ ਇਸ ਨੂੰ ਚੋਣ ਏਜੰਡਾ ਬਣਾਉਣ ਵਿੱਚ ਅਸਫਲ ਰਹੇ, ਪ੍ਰੰਤੂ ਦੋਵਾਂ ਰਾਜਾਂ ਦੇ ਆਗੂ ਇੱਕ-ਦੂਜੇ ਉਤੇ ਤਿੱਖੇ ਹਮਲੇ ਇਸ ਨੂੰ ਲੈ ਕੇ ਜ਼ਰੂਰ ਕਰਦੇ ਰਹੇ। ਟੋਅ ਵਾਲ ਬਣ ਜਾਣ ਨਾਲ ਹਰਿਆਣਾ ਸਰਕਾਰ ਦਾ ਮਕਸਦ ਹੱਲ ਹੋ ਗਿਆ। ਹੁਣ ਹੜ੍ਹ ਦੇ ਨਾਲ ਹੋਣ ਵਾਲੇ ਕਰੋੜਾਂ ਰੁਪਏ ਦੇ ਨੁਕਸਾਨ ਤੋਂ ਬਚਿਆ ਜਾ ਸਕੇਗਾ। ਲਗਾਤਾਰ ਹੜ੍ਹ ਦੀ ਮਾਰ ਝੱਲ ਰਹੇ ਕਿਸਾਨ ਟੋਅ ਵਾਲ ਨੂੰ ਜੀਵਨ ਰੇਖਾ ਵਜੋਂ ਦੇਖਣ ਲੱਗ ਪਏ ਹਨ, ਪਰ ਇਸ ਦੀ ਅਸਲ ਪ੍ਰੀਖਿਆ ਹੜ੍ਹ ਵੇਲੇ ਹੋਵੇਗੀ।
ਪਿਛਲੇ ਸਾਲ 7 ਮਈ ਨੂੰ ਹਰਿਆਣਾ ਦੇ ਲੋਕ ਨਿਰਮਾਣ ਮੰਤਰੀ ਰਣਦੀਪ ਸਿੰਘ ਸੁਰਜੇਵਾਲਾ ਨੇ ਜਦੋਂ ਟੋਅ ਵਾਲ ਦੀ ਉਸਾਰੀ ਦਾ ਉਦਘਾਟਨ ਕੀਤਾ ਸੀ ਤਾਂ ਦੋਵੇਂ ਰਾਜਾਂ ਵਿਚਾਲੇ ਕਾਫੀ ਰੌਲਾ ਪਿਆ ਸੀ। ਘੱਗਰ ਬੰਨ੍ਹ ਉਤੇ ਹਾਂਸੀ-ਬੁਟਾਣਾ ਨਹਿਰ ਦੀ ਬੁਰਜੀ ਨੰਬਰ 45 ਹਜ਼ਾਰ ਤੋਂ ਲੈ ਕੇ 57 ਹਜ਼ਾਰ ਵਿਚਕਾਰ ਜ਼ਮੀਨ ਦੇ ਥੱਲਿਓਂ 16 ਤੋਂ 20 ਫੁੱਟ ਕੰਕਰੀਟ ਢਾਂਚਾ ਖੜਾ ਕੀਤਾ ਜਾਣਾ ਸੀ, ਜਿਸਦੇ ਉਤੇ 8.73 ਕਰੋੜ ਦੀ ਲਾਗਤ ਹੋਈ ਸੀ। ਪੰਜਾਬ ਨੇ ਇਸ ਨੂੰ ਘੱਗਰ ਦਰਿਆ ਸਕੇਪ ਰੂਟ ਨਾਲ ਛੇੜਛਾੜ ਦੱਸ ਕੇ 8 ਜੂਨ 2011 ਸੁਪਰੀਮ ਕੋਰਟ ਵਿੱਚ ਕੇਸ ਪਾਇਆ। ਪੰਜਾਬ ਦੇ ਸਿੰਜਾਈ ਮੰਤਰੀ ਜਨਮੇਜਾ ਸਿੰਘ ਸੇਖੋਂ ਨੇ 20 ਜੁਲਾਈ 2011 ਨੂੰ ਉਸ ਸਥਾਨ 'ਤੇ ਪਹੁੰਚ ਕੇ ਹਰਿਆਣਾ ਦੇ ਸਿੰਜਾਈ ਵਿਭਾਗ ਦੇ ਅਧਿਕਾਰੀਆਂ ਨੂੰ ਟੋਕਿਆ ਸੀ। 7 ਸਤੰਬਰ ਨੂੰ ਭਾਰਤੀ ਕਿਸਾਨ ਯੂਨੀਅਨ (ਡਕੌਂਦਾ) ਪੰਜਾਬ ਦੀ ਅਪੀਲ ਉਤੇ ਕਿਸਾਨਾਂ ਨੇ ਲਗਾਤਾਰ 10 ਦਿਨ ਭੁੱਖ ਹੜਤਾਲ ਸ਼ੁਰੂ ਕੀਤੀ। ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੀ ਟੋਅ ਵਾਲ ਦਾ ਹਵਾਈ ਸਰਵੇਖਣ ਕਰ ਕੇ ਗਏ ਸਨ। ਸੁਪਰੀਮ ਕੋਰਟ ਨੇ ਦੋਵਾਂ ਰਾਜਾਂ ਦੀ ਸੁਣਵਾਈ ਕਰਦੇ ਹੋਏ 22 ਸਤੰਬਰ ਨੂੰ ਪੰਜਾਬ ਦੀ ਅਪੀਲ ਖਾਰਜ ਕਰ ਦਿੱਤੀ ਸੀ।
ਹਾਂਸੀ-ਬੁਟਾਣਾ ਨਹਿਰ ਦੇ ਨਾਲ ਘੱਗਰ ਬੰਨ੍ਹ ਉਤੇ 12 ਹਜ਼ਾਰ ਫੁੱਟ ਲੰਮੀ ਟੋਅ ਵਾਲ ਬਣਨ ਨਾਲ ਗੂਹਲਾ ਇਲਾਕੇ ਦੀ ਹਜ਼ਾਰਾਂ ਏਕੜ ਫਸਲ ਹੁਣ ਸੁਰੱਖਿਅਤ ਹੋ ਸਕੇਗੀ। ਕਿਸਾਨਾਂ ਨੇ ਉਮੀਦ ਜਤਾਈ ਹੈ ਕਿ ਇਸ ਵਾਰ ਹੜ੍ਹ ਉਨ੍ਹਾਂ ਦਾ ਨੁਕਸਾਨ ਨਹੀਂ ਕਰ ਸਕਣਗੇ। ਹੜ੍ਹਾਂ ਦੌਰਾਨ ਮਹੀਨੇ ਤੱਕ ਬੰਦ ਰਹਿਣ ਵਾਲੀ ਕੈਥਲ-ਪਟਿਆਲਾ ਰੋਡ ਸਾਲ ਭਰ ਚੱਲਦੀ ਰਹੇਗੀ, ਜਿਸ ਨਾਲ ਹਰਿਆਣਾ, ਪੰਜਾਬ, ਦਿੱਲੀ ਤੇ ਉਤਰ ਪ੍ਰਦੇਸ਼ ਤੱਕ ਮਾਰਬਲ ਮਾਰਕੀਟ ਦੇ ਵਪਾਰੀ ਬਰਸਾਤ ਦੇ ਸੀਜ਼ਨ ਵਿੱਚ ਵੀ ਮਾਰਬਲ ਸਪਲਾਈ ਕਰ ਸਕਣਗੇ।
|
|
|
ਸ਼੍ਰੋਮਣੀ ਕਮੇਟੀ ਨੇ ਪਾਕਿਸਤਾਨ ਵਿੱਚ ਸਿੱਖ ਯਾਦਗਾਰਾਂ ਦੀ ਭੰਨ-ਤੋੜ ਦਾ ਨੋਟਿਸ ਲਿਆ

* ਜਾਇਜ਼ਾ ਲੈਣ ਲਈ ਵਫਦ ਪਾਕਿਸਤਾਨ ਭੇਜਣ ਦਾ ਫੈਸਲਾ
ਅੰਮ੍ਰਿਤਸਰ, 25 ਜਨਵਰੀ (ਪੋਸਟ ਬਿਊਰੋ)- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪਾਕਿਸਤਾਨ ਵਿਚਲੀਆਂ ਸਿੱਖ ਯਾਦਗਾਰਾਂ ਦੀ ਸਾਂਭ ਸੰਭਾਲ ਵਿੱਚ ਵਰਤੀ ਜਾ ਰਹੀ ਲਾਪਰਵਾਹੀ ਦਾ ਜਾਇਜ਼ਾ ਲੈਣ ਲਈ ਦਸ ਮੈਂਬਰੀ ਵਫਦ ਓਥੇ ਭੇਜਣ ਦਾ ਫੈਸਲਾ ਕੀਤਾ ਹੈ।
ਸ਼੍ਰੋਮਣੀ ਕਮੇਟੀ ਨੇ ਪਾਕਿਸਤਾਨ ਦੇ ਸ਼ਹਿਰ ਲਾਹੌਰ ਵਿੱਚ ਮਹਾਰਾਜਾ ਰਣਜੀਤ ਸਿੰਘ ਦੀ ਹਵੇਲੀ ਅਤੇ ਮਹਾਰਾਜਾ ਸ਼ੇਰ ਸਿੰਘ ਦੀ ਸਮਾਧ ਅਤੇ ਬਾਰਾਂਦਰੀ ਦੀ ਭੰਨ-ਤੋੜ ਕੀਤੇ ਜਾਣ ਦੀਆਂ ਖਬਰਾਂ ਨੂੰ ਗੰਭੀਰਤਾ ਨਾਲ ਲਿਆ ਹੈ। ਇਸ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਪ੍ਰਧਾਨ ਅਵਤਾਰ ਸਿੰਘ ਮੱਕੜ ਨੇ ਕਿਹਾ ਕਿ ਪਿਛਲੇ ਦਿਨੀਂ ਪਾਕਿਸਤਾਨ ਔਕਾਫ ਬੋਰਡ ਦੇ ਚੇਅਰਮੈਨ ਸੱਯਦ ਆਸਿਫ ਹਾਸ਼ਮੀ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨਾਂ ਲਈ ਆਏ ਸਨ ਤਾਂ ਉਸ ਸਮੇਂ ਸ਼੍ਰੋਮਣੀ ਕਮੇਟੀ ਵਲੋਂ ਇਤਿਹਾਸਕ ਯਾਦਗਾਰਾਂ ਦੀ ਸਾਂਭ ਸੰਭਾਲ ਬਾਰੇ ਮੰਗ ਪੱਤਰ ਦਿੱਤਾ ਗਿਆ ਸੀ। ਉਸ ਵੇਲੇ ਉਨ੍ਹਾਂ ਇਤਿਹਾਸਕ ਯਾਦਗਾਰਾਂ ਦੀ ਸਾਂਭ ਸੰਭਾਲ ਦਾ ਭਰੋਸਾ ਦਿੱਤਾ ਸੀ, ਪਰ ਇਸਦੇ ਬਾਵਜੂਦ ਗੁੱਜਰਾਂਵਾਲਾ ਸਥਿਤ ਮਹਾਰਾਜਾ ਰਣਜੀਤ ਸਿੰਘ ਦੀ ਜੱਦੀ ਹਵੇਲੀ ਦੇ ਕਮਰਿਆਂ ਦੀਆਂ ਛੱਤਾਂ ਢਾਹ ਦੇਣ ਅਤੇ ਲਾਹੌਰ ਵਿੱਚ ਮਹਾਰਾਜਾ ਸ਼ੇਰ ਸਿੰਘ ਦੀ ਸਮਾਧ ਤੇ ਬਾਰਾਂਦਰੀ ਨੂੰ ਨੁਕਸਾਨ ਪਹੁੰਚਾਏ ਜਾਣ ਦੀਆਂ ਖਬਰਾਂ ਆ ਰਹੀਆਂ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਵਿਰਾਸਤੀ ਯਾਦਗਾਰਾਂ ਨੂੰ ਹਥਿਆਉਣ ਲਈ ਭੂ ਮਾਫੀਏ ਵਲੋਂ ਸਾਜ਼ਿਸ਼ਾਂ ਰਚੀਆਂ ਜਾ ਰਹੀਆਂ ਹਨ। ਪਹਿਲਾਂ ਮਹਾਰਾਜਾ ਸ਼ੇਰ ਸਿੰਘ ਦੀ ਬਾਰਾਂਦਰੀ ਸਥਾਨ 'ਤੇ ਲਾਹੌਰ ਵੇਸਟ ਮੈਨੇਜਮੈਂਟ ਕੰਪਨੀ ਵਲੋਂ ਕੂੜੇ ਦਾ ਡੰਪ ਬਣਾਇਆ ਗਿਆ। ਹੁਣ ਉਥੇ ਡਾਕਟਰਾਂ ਅਤੇ ਨਰਸਾਂ ਲਈ ਹੋਸਟਲ ਬਣਾਉਣ ਦੀ ਯੋਜਨਾ ਹੈ। ਉਨ੍ਹਾਂ ਕਿਹਾ ਕਿ ਇਹ ਮਾਮਲਾ ਸਿਰਫ ਸਿੱਖ ਵਿਰਾਸਤੀ ਯਾਦਗਾਰਾਂ ਦੇ ਕਬਜ਼ੇ ਦਾ ਨਹੀਂ, ਬਲਕਿ ਦੁਨੀਆ ਵਿੱਚ ਵੱਸਦੇ ਪੰਜਾਬੀ ਭਾਈਚਾਰੇ ਦੀਆਂ ਭਾਵਨਾਵਾਂ ਦਾ ਹੈ। ਉਨ੍ਹਾਂ ਕਿਹਾ ਕਿ ਪਾਕਿਸਤਾਨ ਸਰਕਾਰ ਘੱਟ ਗਿਣਤੀਆਂ ਦੀਆਂ ਭਾਵਨਾਵਾਂ ਦਾ ਸਨਮਾਨ ਕਰਦੇ ਹੋਏ ਮਹਾਰਾਜਾ ਸ਼ੇਰ ਸਿੰਘ ਦੀ ਬਾਰਾਂਦਰੀ ਤੋਂ ਕੂੜੇ ਕਰਕਟ ਦਾ ਡੰਪ ਖਤਮ ਕਰਾਏ ਤੇ ਹੋਰ ਇਤਿਹਾਸਕ ਯਾਦਗਾਰਾਂ ਦੀ ਸਾਂਭ ਸੰਭਾਲ ਕਰੇ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਵਲੋਂ ਇਤਿਹਾਸਕ ਯਾਦਗਾਰਾਂ ਤੇ ਗੁਰਦੁਆਰਾ ਭਾਈ ਤਾਰੂ ਸਿੰਘ ਦੀ ਮੌਜੂਦਾ ਸਥਿਤੀ ਦਾ ਪਾਕਿਸਤਾਨ ਵਿਖੇ ਜਾ ਕੇ ਮੌਕੇ 'ਤੇ ਜਾਇਜ਼ਾ ਲੈਣ ਲਈ 10 ਮੈਂਬਰੀ ਵਫਦ ਲਈ ਵੀਜ਼ੇ ਦੀ ਮੰਗ ਕੀਤੀ ਗਈ ਹੈ।
|
|
|
ਵਿੱਤ ਕਮਿਸ਼ਨਰ, ਕਮਿਸ਼ਨਰ ਤੇ ਡੀ ਸੀ ਕੋਲ ਮਹੰਤ ਦੀ ਨਿਯੁਕਤੀ ਦਾ ਅਧਿਕਾਰ ਨਹੀਂ : ਹਾਈ ਕੋਰਟ

ਚੰਡੀਗੜ੍ਹ, 25 ਜਨਵਰੀ (ਪੋਸਟ ਬਿਊਰੋ)- ਅੰਮ੍ਰਿਤਸਰ ਦੇ ਅਖਾੜਾ ਨਿਰਵਾਂਸਰ ਦੇ ਮਹੰਤ ਦੀ ਨਿਯੁਕਤੀ ਵਿੱਤ ਕਮਿਸ਼ਨਰ, ਕਮਿਸ਼ਨਰ ਅਤੇ ਡੀ ਸੀ ਦੇ ਅਧਿਕਾਰ ਖੇਤਰ ਵਿੱਚ ਨਹੀਂ ਹੈ। ਇਹ ਫੈਸਲਾ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਜਸਟਿਸ ਆਲੋਕ ਸਿੰਘ ਨੇ ਅਖਾੜਾ ਨਿਰਵਾਂਸਰ ਦੇ ਮਹੰਤ ਦੀ ਨਿਯੁਕਤੀ ਖਿਲਾਫ ਦਾਇਰ ਇਕ ਪਟੀਸ਼ਨ ਦੀ ਸੁਣਵਾਈ ਦੌਰਾਨ ਦਿੱਤਾ ਹੈ।
ਜ਼ਿਕਰ ਯੋਗ ਹੈ ਕਿ ਅਖਾੜਾ ਨਿਰਵਾਂਸਰ ਦੇ ਮਹੰਤ ਦੀ 10 ਜਨਵਰੀ 2007 ਨੂੰ ਮੌਤ ਹੋ ਗਈ ਸੀ। ਉਨ੍ਹਾਂ ਦੇ ਚੇਲੇ ਰਜਿੰਦਰ ਦਾਸ ਨੂੰ ਮਹੰਤ ਬਣਾਇਆ ਗਿਆ ਸੀ, ਪਰ 8 ਮਾਰਚ 2011 ਨੂੰ ਡੀ ਸੀ ਅੰਮ੍ਰਿਤਸਰ ਤੇ ਕਲੈਕਟਰ ਰੈਵੇਨਿਊ ਅੰਮ੍ਰਿਤਸਰ ਨੇ ਅਤੇ ਬਾਅਦ ਵਿੱਚ ਕਮਿਸ਼ਨਰ ਜਲੰਧਰ ਡਵੀਜ਼ਨ ਨੇ 6 ਜੂਨ 2011 ਨੂੰ ਇਕ ਹੋਰ ਵਿਅਕਤੀ ਨੂੰ ਮਹੰਤ ਦੇ ਅਹੁਦੇ ਲਈ ਨਿਯੁਕਤ ਕਰ ਦਿੱਤਾ। ਮਹੰਤ ਰਜਿੰਦਰ ਦਾਸ ਨੇ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕਰ ਕੇ ਇਨ੍ਹਾਂ ਹੁਕਮਾਂ ਨੂੰ ਰੱਦ ਕਰਨ ਦੀ ਮੰਗ ਕੀਤੀ। ਇਸ ਪਟੀਸ਼ਨ ਵਿੱਚ ਦੱਸਿਆ ਗਿਆ ਕਿ ਮਰਹੂਮ ਮਹੰਤ ਚਤੁਰਮੁਨੀ ਦਾ ਰਜਿੰਦਰ ਦਾਸ ਇਕੋ ਇਕ ਚੇਲਾ ਹੈ। ਇਸ ਦੇ ਹੁੰਦਿਆਂ ਕਿਸੇ ਹੋਰ ਨੂੰ ਮਹੰਤ ਨਿਯੁਕਤ ਕਰਨਾ ਗਲਤ ਹੈ।
ਜਸਟਿਸ ਆਲੋਕ ਸਿੰਘ ਨੇ ਸਾਰੇ ਤੱਥਾਂ 'ਤੇ ਗੌਰ ਕਰਦੇ ਹੋਏ ਆਪਣੇ ਹੁਕਮਾਂ ਵਿੱਚ ਸਾਫ ਕੀਤਾ ਕਿ ਅਖਾੜੇ ਦੀ ਜ਼ਮੀਨ ‘ਜਾਗੀਰ ਲੈਂਡ’ ਨਹੀਂ ਹੈ, ਅਜਿਹੇ ਵਿੱਚ ਵਿੱਤ ਕਮਿਸ਼ਨਰ, ਕਮਿਸ਼ਨਰ ਤੇ ਡੀ ਸੀ ਕੋਲ ਅਖਾੜੇ ਦੇ ਮਹੰਤ ਦੀ ਨਿਯੁਕਤੀ ਦਾ ਅਧਿਕਾਰ ਨਹੀਂ ਹੈ। ਇਸ ਅਹੁਦੇ ਦੀ ਨਿਯੁਕਤੀ ਇਨ੍ਹਾਂ ਅਧਿਕਾਰੀਆਂ ਦੇ ਖੇਤਰ ਹੇਠ ਨਹੀਂ ਹੈ। ਇਸ ਲਈ ਹਾਈ ਕੋਰਟ ਨੇ 6 ਜੂਨ 2011 ਦੇ ਕਮਿਸ਼ਨਰ ਜਲੰਧਰ ਡਵੀਜ਼ਨ ਦੇ ਹੁਕਮ ਨੂੰ ਰੱਦ ਕਰ ਦਿੱਤਾ ਤੇ ਪਟੀਸ਼ਨਰ ਨੂੰ ਮਹੰਤ ਦੇ ਅਹੁਦੇ ਲਈ ਸਬੰਧਤ ਸਿਵਲ ਕੋਰਟ ਵਿੱਚ ਜਾਣ ਦੀ ਨਿਰਦੇਸ਼ ਦਿੱਤੇ ਹਨ।
|
|
|
ਕਾਂਗਰਸ ਅਤੇ ਅਕਾਲੀ ਸਮਰਥਕਾਂ ਵਿੱਚ ਖੂਨੀ ਸੰਘਰਸ਼

* ਚਾਰ ਅਕਾਲੀ ਸਮਰਥਕ ਗ੍ਰਿਫਤਾਰ, ਤਿੰਨ ਜ਼ਖਮੀ, ਇੱਕ ਦਰਜਨ 'ਤੇ ਮਾਮਲਾ ਦਰਜ
ਮਾਲੇਰਕੋਟਲਾ, 25 ਜਨਵਰੀ (ਪੋਸਟ ਬਿਊਰੋ)- ਵਿਧਾਨ ਸਭਾ ਇਲਾਕੇ ਮਾਲੇਰ ਕੋਟਲਾ ਵਿੱਚ ਕੱਲ੍ਹ ਰਾਤ ਅਕਾਲੀ ਤੇ ਕਾਂਗਰਸੀ ਵਰਕਰਾਂ ਵਿੱਚ ਖੂਨੀ ਸੰਘਰਸ਼ ਹੋ ਗਿਆ। ਦੋਵਾਂ ਪਾਰਟੀਆਂ ਦੇ ਕਾਰਕੁਨਾਂ ਨੇ ਇੱਕ ਦੂਜੇ 'ਤੇ ਜੰਮ ਕੇ ਇੱਟਾਂ, ਪੱਥਰ ਵਰ੍ਹਾਏ। ਇਸ ਨਾਲ ਤਿੰਨ ਅਕਾਲੀ ਸਮਰਥਕ ਬੁਰੀ ਤਰ੍ਹਾਂ ਨਾਲ ਜ਼ਖਮੀ ਹੋ ਗਏ। ਜ਼ਖਮੀਆਂ ਨੂੰ ਹਸਪਤਾਲ ਵਿੱਚ ਭਰਤੀ ਕਰਾਇਆ ਗਿਆ ਹੈ। ਇਸ ਭੇੜ ਵਿੱਚ 16 ਤੋਂ ਵੱਧ ਵਾਹਨ ਵੀ ਨੁਕਸਾਨੇ ਗਏ। ਪੁਲਸ ਅਧਿਕਾਰੀ ਕੁਲਦੀਪ ਸਿੰਘ ਨੇ ਦੱਸਿਆ ਕਿ ਦਰਜਨ ਤੋਂ ਜ਼ਿਆਦਾ ਜਣਿਆਂ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ। ਇਨ੍ਹਾਂ 'ਚੋਂ ਪੰਜ ਅਕਾਲੀ ਦਲ ਸਮਰਥਕ ਹਨ। ਇਨ੍ਹਾਂ ਵਿੱਚੋਂ ਚਾਰ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।
ਜਾਣਕਾਰੀ ਅਨੁਸਾਰ ਮਾਡਲ ਟਾਊਨ ਕਲੋਨੀ ਵਿੱਚ ਕਾਂਗਰਸ ਉਮੀਦਵਾਰ ਰਜ਼ੀਆ ਸੁਲਤਾਨਾ ਕਿਸੇ ਦੇ ਘਰ ਵਿੱਚ ਝੰਡਾ ਲਹਿਰਾਉਣ ਕਾਫਲੇ ਦੇ ਨਾਲ ਪਹੁੰਚੀ ਸੀ। ਇਸ ਕਲੋਨੀ ਵਿੱਚ ਅਕਾਲੀ ਉਮੀਦਵਾਰ ਫਰਜ਼ਾਨਾ ਆਲਮ ਦੀ ਕੋਠੀ ਹੈ, ਇਸ ਲਈ ਅਕਾਲੀ ਦਲ ਦੇ ਸਮਰਥਕ ਉਥੇ ਜਮ੍ਹਾ ਸਨ। ਕਾਂਗਰਸੀ ਨੇਤਾ ਸੁਲੇਮਾਨ ਜੋਸ਼ ਨੇ ਦੋਸ਼ ਲਾਇਆ ਕਿ ਰਜ਼ੀਆ ਦੀ ਰੈਲੀ ਲਈ ਮਾਡਲ ਟਾਊਨ ਵਿੱਚ ਪਹੁੰਚੇ ਤਾਂ ਅਕਾਲੀ ਵਰਕਰਾਂ ਨੇ ਉਨ੍ਹਾਂ ਤੇ ਧਾਵਾ ਬੋਲ ਬੋਲ ਦਿੱਤਾ ਅਤੇ ਦਰਜਨ ਤੋਂ ਜ਼ਿਆਦਾ ਵਾਹਨਾਂ ਦੇ ਸ਼ੀਸ਼ੇ ਤੋੜ ਦਿੱਤੇ ਸਨ।
|
|
|
ਕੈਪਟਨ ਅਮਰਿੰਦਰ ਦਾ ਬਾਦਲ ਨੂੰ ਇੱਕ ਹੋਰ ਸਵਾਲ : ਆਪਣਾ ਸਾਰਾ ਪੈਸਾ ਹਰਿਆਣਾ ਵਿੱਚ ਕਿਉਂ ਲਾਇਆ, ਪੰਜਾਬ ਵਿੱਚ ਕਿਉਂ ਨਹੀਂ?

ਚੰਡੀਗੜ੍ਹ, 25 ਜਨਵਰੀ (ਪੋਸਟ ਬਿਊਰੋ)- ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਲਗਾਤਾਰ ਸੱਤ ਸਵਾਲ ਪੁੱਛਣ ਦੀ ਲੜੀ ਵਿੱਚ ਪੰਜਾਬ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਕੱਲ੍ਹ ਇੱਕ ਹੋਰ ਸਵਾਲ ਪੁੱਛਦੇ ਹੋਏ ਕਿਹਾ ਕਿ ਮੁੱਖ ਮੰਤਰੀ ਨੇ ਆਪਣਾ ਸਾਰਾ ਪੈਸਾ ਹਰਿਆਣੇ ਵਿੱਚ ਕਿਉਂ ਲਾਇਆ ਹੈ, ਪੰਜਾਬ ਵਿੱਚ ਕਿਉਂ ਨਹੀਂ ਲਾਇਆ?
ਇਥੇ ਜਾਰੀ ਬਿਆਨ ਵਿੱਚ ਕੈਪਟਨ ਅਮਰਿੰਦਰ ਨੇ ਪਿੰਡ ਬਾਦਲ ਵਿੱਚ ਆਪਣੀ ਹਵੇਲੀ ਨੂੰ ਛੱਡ ਕੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਆਪਣੇ ਨਾਮ 'ਤੇ ਪੰਜਾਬ ਵਿੱਚ ਇੱਕ ਪੱਥਰ ਵੀ ਨਹੀਂ ਰੱਖਿਆ। ਪੰਜਾਬ ਛੱਡ ਕੇ ਦੇਸ਼ ਜਾਂ ਫਿਰ ਵਿਦੇਸ਼ ਵਿੱਚ ਨਿਵੇਸ਼ ਕਰਨਾ ਵਿਹਾਰਕ ਤੌਰ 'ਤੇ ਉਨ੍ਹਾਂ ਨੂੰ ਇੱਕ ਪਰਵਾਸੀ ਪੰਜਾਬੀ ਬਣਾਉਂਦਾ ਹੈ। ਉਨ੍ਹਾਂ ਨੇ ਪੁੱਛਿਆ ਕਿ ਹਰਿਆਣਾ ਦੇ ਗੁੜਗਾਉਂ ਵਿੱਚ ਦੋ ਲਗਜ਼ਰੀ ਹੋਟਲ, ਹਰਿਆਣਾ ਦੇ ਬਾਲਾਸਰ ਵਿੱਚ ਮਹਿਲ ਨੁਮਾ ਫਾਰਮ ਹਾਊਸ ਤੇ ਟ੍ਰਾਂਸਪੋਰਟ ਕੰਪਨੀਆਂ ਵਿੱਚੋਂ ਇੱਕ ਡਬਵਾਲੀ ਟ੍ਰਾਂਸਪੋਰਟ ਕੰਪਨੀ (ਜੋ ਨਾਮ ਚੌਧਰੀ ਦੇਵੀ ਲਾਲ ਦੇ ਪੁਸ਼ਤੈਨੀ ਸ਼ਹਿਰ ਡਬਵਾਲੀ 'ਤੇ ਆਧਾਰਤ ਹੈ) ਦੇ ਬਾਰੇ ਖੁਲਾਸਾ ਕਰਨ। ਮੁੱਖ ਮੰਤਰੀ ਬਾਦਲ ਲੋਕਾਂ ਸਾਹਮਣੇ ਹਰਿਆਣਾ ਦੇ ਖਿਲਾਫ ਟਕਰਾਅ ਦਾ ਰਵੱਈਆ ਦਿਖਾਉਂਦੇ ਹਨ, ਪਰ ਉਨ੍ਹਾਂ ਦਾ ਦਿਲ ਹਰਿਆਣਾ ਵਿੱਚ ਵੱਸਦਾ ਹੈ। ਨਹੀਂ ਤਾਂ ਅਜਿਹਾ ਕੀ ਕਾਰਨ ਹੈ ਕਿ ਬਾਦਲ ਨੇ ਪੈਸਾ ਲਾ ਕੇ ਕੰਮ ਸ਼ੁਰੂ ਕਰਨ ਦੇ ਮਾਮਲੇ ਵਿੱਚ ਪੰਜਾਬ ਦੇ ਥਾਂ ਹਰਿਆਣਾ ਨੂੰ ਤਵੱਜੋਂ ਦਿੱਤੀ ਹੈ। ਉਨ੍ਹਾਂ ਨੇ ਕਿਹਾ ਕਿ ਚਾਰ ਵਾਰ ਮੁੱਖ ਮੰਤਰੀ ਬਣਨ ਦੇ ਬਾਵਜੂਦ ਕੀ ਉਹ ਸਮਝਦੇ ਹਨ ਕਿ ਉਨ੍ਹਾਂ ਦਾ ਪੂੰਜੀ ਨਿਵੇਸ਼ ਪੰਜਾਬ ਦੇ ਬਜਾਏ ਹਰਿਆਣਾ ਵਿਚ ਜ਼ਿਆਦਾ ਸੁਰੱਖਿਅਤ ਹੈ? ਇਹ ਉਨ੍ਹਾਂ ਦੋ ਦੋਹਰੇ ਮਾਪਦੰਡ ਨੂੰ ਦਰਸਾਉਂਦਾ ਹੈ ਕਿ ਲੋਕਾਂ ਨੂੰ ਦਿਖਾਉਣ ਦੇ ਲਈ ਕਹਿੰਦੇ ਕੁਝ ਹਨ ਤੇ ਕਰਦੇ ਕੁਝ ਹਨ।
|
|
|
ਰਜ਼ੀਆ ਸੁਲਤਾਨਾ ਤੇ ਮੁਹੰਮਦ ਮੁਸਤਫਾ ਨੂੰ ਫਰਜ਼ਾਨਾ ਆਲਮ ਤੇ ਇਜ਼ਹਾਰ ਆਲਮ ਵੱਲੋਂ ਕਾਨੂੰਨੀ ਨੋਟਿਸ

ਮਾਲੇਰ ਕੋਟਲਾ, 25 ਜਨਵਰੀ (ਪੋਸਟ ਬਿਊਰੋ)- ਮਾਲੇਰ ਕੋਟਲਾ ਤੋਂ ਅਕਾਲੀ ਉਮੀਦਵਾਰ ਫਰਜ਼ਾਨਾ ਆਲਮ ਤੇ ਉਸ ਦੇ ਪਤੀ ਪਦਮਸ਼੍ਰੀ ਇਜ਼ਹਾਰ ਆਲਮ ਨੇ ਕੱਲ੍ਹ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਐਡਵੋਕੇਟ ਮੁਖਤਿਆਰ ਮੁਹੰਮਦ ਰਾਹੀਂ ਇਥੋਂ ਦੀ ਕਾਂਗਰਸ ਉਮੀਦਵਾਰ ਰਜ਼ੀਆ ਸੁਲਤਾਨਾ ਅਤੇ ਉਸ ਦੇ ਏ ਡੀ ਜੀ ਪੀ ਪਤੀ ਮੁਹੰਮਦ ਮੁਸਤਫਾ ਨੂੰ ਕਾਨੂੰਨੀ ਨੋਟਿਸ ਭੇਜ ਕੇ ਕਿਹਾ ਹੈ ਕਿ ਉਨ੍ਹਾਂ ਵਿਰੁੱਧ ਸ਼ਰਾਬ ਆਦਿ ਪੀਣ ਦੇ ਜਿਹੜੇ ਇਸ਼ਤਿਹਾਰ ਵੰਡੇ ਗਏ ਹਨ, ਉਸ 'ਤੇ ਉਹ ਦੋ-ਤਿੰਨ ਦਿਨਾਂ 'ਚ ਮੁਆਫੀ ਮੰਗਣ ਜਾਂ ਕਾਨੂੰਨੀ ਕਾਰਵਾਈ ਦਾ ਸਾਹਮਣਾ ਕਰਨ ਨੂੰ ਤਿਆਰ ਰਹਿਣ।
ਕੱਲ੍ਹ ਪ੍ਰੈਸ ਕਾਨਫਰੰਸ 'ਚ ਉਨ੍ਹਾਂ ਕਾਨੂੰਨੀ ਨੋਟਿਸ ਦੀਆਂ ਕਾਪੀਆਂ ਵੰਡੀਆਂ, ਜਿਸ ਵਿੱਚ ਲਿਖਿਆ ਗਿਆ ਹੈ ਕਿ ਉਨ੍ਹਾਂ ਦੇ ਨਾਲ-ਨਾਲ ਸਾਬਕਾ ਕੈਬਨਿਟ ਮੰਤਰੀ ਨੁਸਰਤ ਇਕਰਾਮ ਖਾਨ, ਚੌਧਰੀ ਅਬਦੁੱਲ ਗੱਫਾਰ ਅਤੇ ਪੰਜਾਬ ਵਕਫ ਬੋਰਡ ਦੇ ਮੈਂਬਰ ਨਦੀਮ ਅਨਵਰ ਖਾਨ ਨੂੰ ਵੀ ਇਸ਼ਤਿਹਾਰ 'ਚ ਦਿਖਾਇਆ ਗਿਆ ਹੈ।
|
|
|
ਲੁਟੇਰਾ ਗੈਂਗ ਦਾ ਸਰਗਣਾ ਗ੍ਰਿਫਤਾਰ

* ਚੋਰੀ ਦੀ ਇਨੋਵਾ ਕਾਰ ਵੇਚਣ ਆਇਆ ਸੀ, ਲੁੱਟ ਤੇ ਚੋਰੀ ਦੀਆਂ ਕਈ ਵਾਰਦਾਤਾਂ ਕਬੂਲੀਆਂ
ਜਲੰਧਰ, 25 ਜਨਵਰੀ (ਪੋਸਟ ਬਿਊਰੋ)- ਚੋਰੀ ਦੀ ਇਨੋਵਾ ਕਾਰ ਵੇਚਣ ਜਾ ਰਹੇ ਲੁਟੇਰਾ ਗੈਂਗ ਦੇ ਦੋ ਮੈਂਬਰਾਂ ਨੂੰ ਪੁਲਸ ਨੇ ਗੁਰੂ ਨਾਨਕਪੁਰਾ ਦੇ ਸੰਤਨਗਰ ਮੋੜ ਤੋਂ ਫੜਿਆ ਹੈ। ਦੋਸ਼ੀਆਂ ਦੀ ਪਛਾਣ ਕਰਤਾਰਪੁਰ ਦੇ ਸੇਖਵਾਂ ਵਾਲਾ ਖੂਹ ਦੇ ਰਹਿਣ ਵਾਲੇ ਰਛਪਾਲ ਸਿੰਘ ਬਿੱਲਾ (24) ਤੇ ਉਸ ਦੇ ਸਾਥੀ ਰਾਹੁਲ ਉਰਫ ਰਿੱਕੀ ਦੇ ਤੌਰ 'ਤੇ ਹੋਈ ਹੈ। ਦੋਵਾਂ ਨੂੰ ਪੁਲਸ ਨੇ ਪੁੱਛਗਿੱਛ ਲਈ ਚਾਰ ਦਿਨ ਦੇ ਰਿਮਾਂਡ 'ਤੇ ਲਿਆ ਹੈ। ਇਨ੍ਹਾਂ ਦੀ ਨਿਸ਼ਾਨਦੇਹੀ 'ਤੇ ਜ਼ੈਨ ਕਾਰ ਅਤੇ ਤਿੰਨ ਮੋਟਰ ਸਾਈਕਲ ਜ਼ਬਤ ਕੀਤੇ ਗਏ ਹਨ। ਗਿਰੋਹ ਦੇ ਮੈਂਬਰ ਬਿੱਲਾ ਦੀ ਮਾਸੀ ਦੇ ਲੜਕੇ ਮਿੰਟੂ ਨਿਵਾਸੀ ਖਾਨਪੁਰ, ਰਿੱਕੀ ਦੇ ਭਰਾ ਜਤਿੰਦਰ ਕੁਮਾਰ ਉਰਫ ਸੋਨੂੰ, ਜੀਤ ਅਤੇ ਜੀਵਨ ਦੀ ਤਲਾਸ਼ ਕੀਤੀ ਜਾ ਰਹੀ ਹੈ।
ਏ ਡੀ ਸੀ ਪੀ (ਕ੍ਰਾਈਮ) ਹਰਕੰਵਲਪ੍ਰੀਤ ਸਿੰਘ ਖੱਖ ਨੇ ਕਿਹਾ ਕਿ ਸਪੈਸ਼ਲ ਸਟਾਫ ਇੰਚਾਰਜ ਇੰਦਰਜੀਤ ਸਿੰਘ ਤੇ ਨਵੀਂ ਬਾਰਾਦਰੀ ਦੇ ਐਸ ਐਚ ਓ ਬੇਅੰਤ ਸਿੰਘ ਜੁਨੇਜਾ ਨੇ ਇਹ ਗ੍ਰਿਫਤਾਰੀ ਕੀਤੀ ਹੈ। ਪੁਲਸ ਨੂੰ ਦੇਖ ਕੇ ਕਾਰ 'ਚੋਂ ਇੱਕ ਵਿਅਕਤੀ ਦੌੜ ਗਿਆ, ਜਦ ਕਿ ਦੋ ਫੜੇ ਗਏ। ਪੁੱਛਗਿੱਛ ਵਿੱਚ ਇਹ ਗੱਲ ਸਾਹਮਣੇ ਆਈ ਕਿ ਸੱਤ ਮਹੀਨੇ ਪਹਿਲਾਂ ਬਣਾਏ ਇਸ ਗਿਰੋਹ ਦਾ ਸਰਗਣਾ ਬਿੱਲਾ ਹੈ। ਉਹ ਯੂ ਪੀ ਦੇ ਪੀਲੀਭੀਤ ਤੋਂ ਪਿਸਤੌਲ ਲੈ ਕੇ ਆਇਆ ਸੀ। ਗਿਰੋਹ ਨੇ ਪਹਿਲਾਂ ਕਰਤਾਰਪੁਰ ਤੋਂ ਇੱਕ ਜ਼ੈਨ ਕਾਰ ਚੋਰੀ ਕੀਤੀ ਅਤੇ ਫਿਰ ਏਸੇ ਵਿੱਚ ਸਵਾਰ ਹੋ ਕੇ ਲੁੱਟ ਦੀਆਂ ਵਾਰਦਾਤਾਂ ਕੀਤੀਆਂ। ਗਿਰੋਹ ਨੇ ਮਕਸੂਦਾਂ, ਕਰਤਾਰਪੁਰ ਤੇ ਸੁਭਾਨਪੁਰ ਇਲਾਕੇ ਤੋਂ ਤਿੰਨ ਮੋਟਰ ਸਾਈਕਲਾਂ ਲੁੱਟੀਆਂ। ਬੀਤੇ ਸਾਲ 30 ਦਸੰਬਰ ਨੂੰ ਹੋਟਲ ਦੇ ਬਾਹਰੋਂ ਇਨੋਵਾ ਗੱਡੀ ਚੋਰੀ ਕੀਤੀ ਸੀ। ਬਿੱਲਾ 12ਵੀਂ ਪਾਸ ਹੈ ਅਤੇ ਉਸ ਦੇ ਪਿਤਾ ਦੇ ਦਸ ਖੇਤ ਹਨ, ਜਦ ਕਿ ਉਸਦੇ ਸਾਥੀ ਆਮ ਪਰਵਾਰਾਂ ਤੋਂ ਹਨ। ਰਿੱਕੀ ਅੱਠਵੀਂ ਪਾਸ ਇਲੈਕਟ੍ਰੀਸ਼ਨ ਹੈ। ਗਿਰੋਹ ਦੇ ਮੈਂਬਰ ਐਸ਼ ਦੀ ਜ਼ਿੰਦਗੀ ਬਿਤਾਉਣ ਲਈ ਵਾਰਦਾਤਾਂ ਕਰਦੇ ਸਨ। ਗਿਰੋਹ ਨੇ ਮਕਸੂਦਾਂ, ਸੁਭਾਨਪੁਰ ਅਤੇ ਬਸਤੀ ਬਾਵਾ ਖੇਲ ਏਰੀਏ ਵਿੱਚ ਮਜ਼ਦੂਰਾਂ ਨਾਲ ਲੁੱਟ ਦੀਆਂ ਕਈ ਵਾਰਦਾਤਾਂ ਕੀਤੀਆਂ ਹਨ। ਪੈਸੇ ਖਤਮ ਹੋ ਜਾਣ ਦੇ ਬਾਅਦ ਇਹ ਇਨੋਵਾ ਗੱਡੀ ਵੇਚਣ ਆਏ ਸਨ।
|
|
|
ਚੋਣ ਕਮਿਸ਼ਨ ਨੇ ਲਿਆ ਫੈਸਲਾ : ਪੰਜਾਬ ਦੀ ਆਟਾ-ਦਾਲ ਸਕੀਮ 30 ਤੱਕ ਬੰਦ

ਚੰਡੀਗੜ੍ਹ, 26 ਜਨਵਰੀ (ਪੋਸਟ ਬਿਊਰੋ)- ਪੰਜਾਬ ਵਿਧਾਨ ਸਭਾ ਲਈ ਵੋਟਾਂ ਪੈਣ ਤੋਂ ਚੰਦ ਦਿਨ ਪਹਿਲਾਂ ਚੋਣ ਕਮਿਸ਼ਨ ਨੇ ਵੱਡਾ ਫੈਸਲਾ ਲੈਂਦਿਆਂ ਹੁਕਮਰਾਨ ਪਾਰਟੀਆਂ ਦੀ ਸਭ ਤੋਂ ਵੱਧ ਪ੍ਰਚਾਰੀ ਜਾਣ ਵਾਲੀ ਆਟਾ-ਦਾਲ ਸਕੀਮ ਯੋਜਨਾ ਨੂੰ 30 ਜਨਵਰੀ ਤੱਕ ਬੰਦ ਕਰਨ ਦੇ ਹੁਕਮ ਦਿੱਤੇ ਹਨ। ਕਮਿਸ਼ਨ ਨੇ ਇਹ ਫੈਸਲਾ ਇਸ ਯੋਜਨਾ ਅਧੀਨ ਆਟਾ-ਦਾਲ ਦੀ ਵੰਡ ਸਿਆਸੀ ਲੋਕਾਂ ਵਲੋਂ ਆਪਣੇ ਹਿਤਾਂ ਲਈ ਕਰਨ ਦੀਆਂ ਸ਼ਿਕਾਇਤਾਂ ਤੋਂ ਬਾਅਦ ਲਿਆ ਹੈ।
ਕਮਿਸ਼ਨ ਨੂੰ ਇਹ ਸ਼ਿਕਾਇਤਾਂ ਮਿਲੀਆਂ ਸਨ ਕਿ ਕਈ ਉਮੀਦਵਾਰਾਂ ਵਲੋਂ ਵੋਟਰਾਂ ਨੂੰ ਲੁਭਾਉਣ ਲਈ ਆਟਾ ਵੰਡਿਆ ਜਾ ਰਿਹਾ ਹੈ। ਚੋਣ ਕਮਿਸ਼ਨ ਤੋਂ ਬਚਣ ਲਈ ਆਟਾ ਵੰਡਣ ਦੀ ਮੁਹਿੰਮ ਨੂੰ ਆਟਾ-ਦਾਲ ਸਕੀਮ ਨਾਲ ਜੋੜਿਆ ਜਾ ਰਿਹਾ ਹੈ। ਰਾਜ ਦੀ ਮੁੱਖ ਚੋਣ ਅਧਿਕਾਰੀ ਸੀ ਈ ਓ ਕੁਸੁਮਜੀਤ ਸਿੱਧੂ ਨੇ ਅੱਜ ਇਥੇ ਦੱਸਿਆ ਕਿ ਖੁਰਾਕ ਤੇ ਸਪਲਾਈ ਵਿਭਾਗ ਦੇ ਸਕੱਤਰ ਧਰਮਪ੍ਰੀਤ ਸਿੰਘ ਗਰੇਵਾਲ ਅਤੇ ਪਨਸਪ ਦੇ ਐਮ ਜੀ ਵਿਕਾਸ ਪ੍ਰਤਾਪ ਨੂੰ ਬੁਲਾ ਕੇ ਸ਼ਿਕਾਇਤਾਂ ਬਾਰੇ ਪੱਖ ਸਪੱਸ਼ਟ ਕਰਨ ਲਈ ਕਿਹਾ ਸੀ। ਸੀ ਈ ਓ ਦਾ ਕਹਿਣਾ ਹੈ ਕਿ ਇਨ੍ਹਾਂ ਦੋਵਾਂ ਅਧਿਕਾਰੀਆਂ ਨੇ ਸਥਿਤੀ ਸਪੱਸ਼ਟ ਕਰਦਿਆਂ ਕਿਹਾ ਹੈ ਕਿ 30 ਜਨਵਰੀ ਤੱਕ ਇਸ ਯੋਜਨਾ ਅਧੀਨ ਆਟਾ ਅਤੇ ਦਾਲ ਦੀ ਵੰਡ ਬੰਦ ਕਰ ਦਿੱਤੀ ਜਾਵੇਗੀ।
ਬੀਬੀ ਸਿੱਧੂ ਖੁਰਾਕ ਤੇ ਸਪਲਾਈ ਵਿਭਾਗ ਦੇ ਅਧਿਕਾਰੀਆਂ ਨੂੰ ਸਪੱਸ਼ਟ ਕੀਤਾ ਹੈ ਕਿ ਜੇ ਸਰਕਾਰ ਦੀ ਇਹ ਸਕੀਮ ਕੁਝ ਦਿਨਾਂ ਲਈ ਮੁਲਤਵੀ ਕਰ ਦਿੱਤੀ ਜਾਵੇ ਤਾਂ ਕਮਿਸ਼ਨ ਨੂੰ ਆਟਾ ਵੰਡਣ ਵਾਲੇ ਉਮੀਦਵਾਰਾਂ ਨੂੰ ਹੱਥ ਪਾਉਣਾ ਸੁਖਾਲਾ ਹੋ ਜਾਵੇਗਾ। ਅਹਿਮ ਤੱਥ ਇਹ ਹੈ ਕਿ ਇਸ ਯੋਜਨਾ ਅਧੀਨ ਹਰ ਮਹੀਨੇ ਦੇ ਅੰਤਲੇ ਹਫਤੇ ਦੌਰਾਨ ਆਟਾ ਅਤੇ ਦਾਲ ਵੰਡੀ ਜਾਂਦੀ ਹੈ। ਰਾਜ ਸਰਕਾਰ ਦੀ ਇਹ ਯੋਜਨਾ 2007 ਤੋਂ ਚੱਲ ਰਹੀ ਹੈ। ਚੋਣ ਕਮਿਸ਼ਨ ਦੀਆਂ ਹਦਾਇਤਾਂ ਤੋਂ ਬਾਅਦ ਹੁਣ ਆਟਾ ਦਾਲ ਸਕੀਮ ਅਧੀਨ ਲਾਭਪਾਤਰੀਆਂ ਨੂੰ ਸਹੂਲਤ 31 ਜਨਵਰੀ ਤੋਂ ਦਿੱਤੀ ਜਾਵੇਗੀ।
|
|
|
14 ਸਾਲਾਂ ਤੋਂ ਬਿਨਾਂ ਹੈਡ ਮਾਸਟਰ ਦੇ ਚੱਲਦਾ ਹੈ ਸਰਕਾਰੀ ਸਕੂਲ

* ਪਾਕਿਸਤਾਨ ਸਰਹੱਦ ਤੋਂ ਸਿਰਫ ਇਕ ਕਿਲੋਮੀਟਰ ਦੂਰ ਹੈ ਇਹ ਪਿੰਡ
ਫਾਜ਼ਿਲਕਾ, 25 ਜਨਵਰੀ (ਪੋਸਟ ਬਿਊਰੋ)- ਪੰਜਾਬ ਸਰਕਾਰ ਸਿੱਖਿਆ ਦੇ ਪ੍ਰਚਾਰ ਤੇ ਪਸਾਰ ਲਈ ਅਨੇਕਾਂ ਦਾਅਵੇ ਕਰ ਰਹੀ ਹੈ। ਬੇਸ਼ੱਕ ਸਰਬ ਸਿੱਖਿਆ ਮੁਹਿੰਮ ਤੇ ਮਾਧਮਿਕ ਸਿੱਖਿਆ ਮੁਹਿੰਮ ਤਹਿਤ ਕੇਂਦਰ ਤੋਂ ਆਈ ਗਰਾਂਟ ਦੇ ਸਹਾਰੇ ਸਰਕਾਰੀ ਸਕੂਲਾਂ ਵਿੱਚ ਇਮਾਰਤਾਂ, ਫਰਨੀਚਰ ਤੇ ਹੋਰ ਸਿੱਖਿਆ ਸਮੱਗਰੀ ਮੁਹੱਈਆ ਕਰਾਈ ਗਈ ਹੈ, ਪਰ ਸਭਾ ਤੋਂ ਵੱਡੀ ਕਮੀ ਵਿਦਿਆਰਥੀਆਂ ਦੀ ਗਿਣਤੀ ਅਨੁਸਾਰ ਟੀਚਿੰਗ ਸਟਾਫ ਦੀ ਨਿਯੁਕਤੀ ਨਾ ਹੋਣਾ ਹੈ। ਇਸ ਦੀ ਵੱਡੀ ਮਿਸਾਲ ਫਾਜ਼ਿਲਕਾ ਦੇ ਸਰਹੱਦੀ ਪਿੰਡ ਝਿੰਗੜ ਭੈਣੀ ਦਾ ਸਰਕਾਰੀ ਸਕੂਲ ਹੈ।
1998 ਵਿੱਚ ਮਿਡਲ ਸਕੂਲ ਤੋਂ ਅਪਗ੍ਰੇਡ ਹੋਏ ਇਸ ਸੂਕਲ ਵਿੱਚ 14 ਸਾਲ ਬਾਅਦ ਵੀ ਹੈਡ ਮਾਸਟਰ, ਚਪੜਾਸੀ ਅਤੇ ਚੌਂਕੀਦਾਰ ਦੇ ਅਹੁਦੇ ਸਿੱਖਿਆ ਵਿਭਾਗ ਨੇ ਪ੍ਰਵਾਨ ਨਹੀਂ ਕੀਤੇ। ਬਿਨਾਂ ਹੈਡ ਮਾਸਟਰ ਦੇ ਇਹ ਸਕੂਲ ਲੰਮੇ ਸਮੇਂ ਤੋਂ ਚੱਲ ਰਿਹਾ ਹੈ। ਇਸ ਤੋਂ ਇਲਾਵਾ ਇਸ ਸਕੂਲ ਵਿੱਚ ਮੌਜੂਦਾ ਸਮੇਂ 388 ਬੱਚੇ ਪੜ੍ਹਦੇ ਹਨ, ਪਰ ਸਾਇੰਸ ਤੇ ਇੰਗਲਿਸ਼ ਪੜ੍ਹਾਉਣ ਲਈ ਕੋਈ ਅਧਿਆਪਕ ਨਹੀਂ ਹੈ। ਸਕੂਲ ਵਿੱਚ 10 ਅਧਿਆਪਕਾਂ ਦੇ ਅਹੁਦਿਆਂ 'ਚੋਂ ਚਾਰ ਖਾਲੀ ਹਨ। ਸਕੂਲ ਇੰਚਾਰਜ ਦਿਨੇਸ਼ ਕੁਮਾਰ ਨੇ ਦੱਸਿਆ ਕਿ ਸਿਆਸੀ ਪਹੁੰਚ ਵਾਲੇ ਅਧਿਆਪਕਾਂ ਨੇ ਪਿਛਲੇ ਦਿਨੀਂ ਇਸ ਸਕੂਲ ਤੋਂ ਬਦਲੀਆਂ ਕਰਵਾ ਕੇ ਸ਼ਹਿਰੀ ਇਲਾਕਿਆਂ 'ਚ ਨਿਯੁਕਤੀ ਕਰਵਾ ਲਈ ਹੈ। ਪਿੰਡ ਪਾਕਿਸਤਾਨ ਦੀ ਸਰਹੱਦ ਤੋਂ ਸਿਰਫ ਇਕ ਕਿਲੋਮੀਟਰ ਫਾਸਲੇ 'ਤੇ ਹੈ, ਜਿਥੇ ਸਿੱਖਿਆ ਦੀ ਬਹੁਤ ਲੋੜ ਹੈ, ਪਰ ਸਰਕਾਰੀ ਲਾਪਰਵਾਹੀ ਕਾਰਨ ਸਕੂਲ ਵਿੱਚ ਸਟਾਫ ਦੀ ਕਮੀ ਦੇ ਚੱਲਦਿਆਂ ਵਿਦਿਆਰਥੀ ਪ੍ਰਭਾਵਤ ਹੋ ਰਹੇ ਹਨ। ਦਿਨੇਸ਼ ਕੁਮਾਰ ਨੇ ਦੱਸਿਆ ਕਿ ਵਿਦਿਆਰਥੀਆਂ ਦੀ ਗਿਣਤੀ ਅਨੁਸਾਰ ਉਨ੍ਹਾਂ ਨੇ ਸਿੱਖਿਆ ਵਿਭਾਗ ਤੋਂ ਗਣਿਤ ਅਧਿਆਪਕ ਦੇ ਦੋ ਅਹੁਦੇ ਮਨਜ਼ੂਰ ਕਰਨ ਲਈ ਲਿਖਿਆ ਹੈ, ਜੋ ਹਾਲੇ ਤੱਕ ਮਨਜ਼ੂਰ ਨਹੀਂ ਕੀਤੇ ਗਏ।
|
|
|
1100 ਪੇਟੀਆਂ ਸ਼ਰਾਬ, 3 ਲੱਖ ਨਕਦੀ ਜ਼ਬਤ

* ਸ਼ਰਾਬ ਠੇਕੇਦਾਰਾਂ ਦੇ ਕਾਰਿੰਦੇ ਲਿਜਾ ਰਹੇ ਸਨ ਸ਼ਰਾਬ, ਪਰਮਿਸ਼ਨ ਨਾ ਹੋਣ 'ਤੇ ਕਾਰਵਾਈ
ਜਲੰਧਰ, 25 ਜਨਵਰੀ (ਪੋਸਟ ਬਿਊਰੋ)- ਪੁਲਸ ਨੇ ਕਪੂਰਥਲਾ ਰੋਡ ਤੋਂ ਕੱਲ੍ਹ ਰਾਤ ਟਾਟਾ-209 ਗੱਡੀ ਤੋਂ 500 ਪੇਟੀਆਂ ਸ਼ਰਾਬ ਬਰਾਮਦ ਕੀਤੀ ਹੈ। ਉਕਤ ਸ਼ਰਾਬ ਪਰਮਿਟ ਵਾਲੀ ਸੀ ਤੇ ਰਾਤੋ-ਰਾਤ ਕਪੂਰਥਲਾ ਤੋਂ ਫਗਵਾੜਾ ਠੇਕੇ 'ਤੇ ਸਪਲਾਈ ਲਈ ਲਿਜਾਈ ਜਾ ਰਹੀ ਸੀ। ਚੋਣ ਕਮਿਸ਼ਨ ਦੇ ਹੁਕਮ ਹਨ ਕਿ ਰਾਤ 9 ਤੋਂ ਸਵੇਰੇ 9 ਵਜੇ ਤੱਕ ਕੋਈ ਵੀ ਠੇਕੇਦਾਰ ਸ਼ਰਾਬ ਦੀ ਸਪਲਾਈ ਠੇਕੇ 'ਤੇ ਨਹੀਂ ਭੇਜੇਗਾ। ਏਸੇ ਕਾਰਨ ਪੁਲਸ ਨੇ ਸ਼ਰਾਬ ਜ਼ਬਤ ਕਰ ਕੇ ਡਰਾਈਵਰ ਕਪੂਰਥਲਾ ਦੇ ਪ੍ਰੀਤਨਗਰ ਦੇ ਵਾਸੀ ਪ੍ਰਭਜੀਤ ਸਿੰਘ ਨੂੰ ਗ੍ਰਿਫਤਾਰ ਕੀਤਾ ਹੈ। ਪੁਲਸ ਨੇ ਸ਼ਰਾਬ ਐਕਸਾਈਜ਼ ਵਿਭਾਗ ਨੂੰ ਸੌਂਪ ਦਿੱਤੀ ਹੈ।
ਨਕੋਦਰ ਵਿੱਚ ਵੀ ਪੁਲਸ ਨੇ ਕੱਲ੍ਹ ਦੋ ਟੈਂਪੂਆਂ 'ਚੋਂ ਛੇ ਸੌ ਪੇਟੀਆਂ ਸ਼ਰਾਬ ਫੜੀ। ਐਸ ਐਚ ਓ ਰਸ਼ਮਿੰਦਰ ਸਿੰਘ ਨੇ ਦੱਸਿਆ ਕਿ ਸ਼ਰਾਬ ਠੇਕੇਦਾਰ ਨਰੇਸ਼ ਅਗਰਵਾਲ ਦੀ ਹੈ ਅਤੇ ਜ਼ੀਰਾ ਤੋਂ ਜਲੰਧਰ ਭੇਜੀ ਜਾ ਰਹੀ ਸੀ।
ਏਸੇ ਤਰ੍ਹਾਂ ਮਹਿਤਪੁਰ ਬਾਈਪਾਸ 'ਤੇ ਲਾਏ ਨਾਕੇ 'ਤੇ ਇੱਕ ਕਾਰ 'ਚੋਂ 3.43 ਲੱਖ ਰੁਪਏ ਫੜੇ ਗਏ। ਦਿੱਲੀ ਵਿੱਚ ਰਹਿਣ ਵਾਲੇ ਡਰਾਈਵਰ ਐਨ ਕੇ ਅਰੋੜਾ ਨੇ ਦੱਸਿਆ ਕਿ ਉਹ ਇੱਕ ਕੰਪਨੀ ਵਿੱਚ ਜੀ ਐਮ ਹੈ। ਕੰਪਨੀ ਦੇ ਕੋਲ ਪਾਵਰਕਾਮ ਦਾ ਘਰਾਂ 'ਚੋਂ ਬਿਜਲੀ ਮੀਟਰ ਬਾਹਰ ਲਾਉਣ ਦਾ ਪ੍ਰੋਜੈਕਟ ਹੈ। ਉਹ ਨਕੋਦਰ ਦੇ ਮੁਹੱਲਾ ਪੂਰੇਵਾਲ ਵਿੱਚ ਕਿਰਾਏ 'ਤੇ ਰਹਿੰਦਾ ਹੈ। ਰਕਮ ਉਸਦੀ ਨਿੱਜੀ ਸੀ। ਪੁਲਸ ਨੇ ਇਹ ਜ਼ਬਤ ਕਰ ਕੇ ਇਨਕਮ ਟੈਕਸ ਵਿਭਾਗ ਨੂੰ ਸੂਚਨਾ ਦੇ ਦਿੱਤੀ ਹੈ।
|
|
|
ਕੈਪਟਨ ਅਮਰਿੰਦਰ 'ਤੇ ਦਰਜ ਐਫ ਆਈ ਆਰ 'ਤੇ ਸੁਣਵਾਈ ਕਰਨੋਂ ਇਨਕਾਰ

ਚੰਡੀਗੜ੍ਹ, 26 ਜਨਵਰੀ (ਪੋਸਟ ਬਿਊਰੋ)- ਪੰਜਾਬ ਤੇ ਹਰਿਆਣਾ ਹਾਈ ਕੋਰਟ ਦੀ ਜਸਟਿਸ ਨਿਰਮਲਜੀਤ ਕੌਰ ਨੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਦਾਇਰ ਕੀਤੀ ਗਈ ਪਟੀਸ਼ਨ 'ਤੇ ਸੁਣਵਾਈ ਕਰਨ ਤੋਂ ਇਨਕਾਰ ਕਰ ਦਿੱਤਾ ਹੈ।
ਕੈਪਟਨ ਨੇ ਆਪਣੇ ਵਿਰੁੱਧ ਵਿਜੀਲੈਂਸ ਬਿਊਰੋ ਵਲੋਂ ਮੋਹਾਲੀ ਥਾਣੇ ਵਿੱਚ ਦਰਜ ਕੀਤੇ ਮਾਮਲੇ ਨੂੰ ਰੱਦ ਕਰਨ ਲਈ ਪਟੀਸ਼ਨ ਦਾਇਰ ਕੀਤੀ ਸੀ। ਜਸਟਿਸ ਨਿਰਮਲਜੀਤ ਕੌਰ ਨੇ ਕੈਪਟਨ ਦੀ ਪਟੀਸ਼ਨ ਬਾਰੇ ਬੁੱਧਵਾਰ ਨੂੰ ਚੀਫ ਜਸਟਿਸ ਨੂੰ ਕਿਹਾ ਕਿ ਇਹ ਕੇਸ ਕਿਸੇ ਹੋਰ ਬੈਂਚ ਨੂੰ ਦੇ ਦੇਣ।
ਇਸ ਮਾਮਲੇ ਵਿੱਚ ਹਾਈ ਕੋਰਟ ਨੇ ਪੰਜਾਬ ਸਰਕਾਰ ਕੋਲੋਂ ਵੀ ਜਵਾਬ ਮੰਗਿਆ ਹੋਇਆ ਹੈ। ਕੈਪਟਨ ਅਮਰਿੰਦਰ ਸਿੰਘ ਨੇ ਦਾਇਰ ਕੀਤੀ ਪਟੀਸ਼ਨ ਵਿੱਚ ਕਿਹਾ ਕਿ ਸੁਪਰੀਮ ਕੋਰਟ ਨੇ ਢਾਂਡਾ ਕਮੇਟੀ ਦੀਆਂ ਸਿਫਾਰਿਸ਼ ਰੱਦ ਕਰ ਦਿੱਤੀਆਂ ਹਨ। ਇਸ ਕਰਕੇ ਉਸ ਕਮੇਟੀ ਦੇ ਆਧਾਰ 'ਤੇ ਦਰਜ ਕੀਤੇ ਕੇਸ ਦਾ ਹੁਣ ਕੋਈ ਮਤਲਬ ਨਹੀਂ ਬਣਦਾ।
ਢਾਂਡਾ ਕਮੇਟੀ ਨੇ ਕੈਪਟਨ ਨੂੰ ਇੰਪਰੂਵਮੈਂਟ ਟਰੱਸਟ ਵਿੱਚ ਹੋਏ ਘਪਲੇ ਦਾ ਦੋਸ਼ੀ ਪਾਇਆ ਠਹਿਰਾਇਆ ਸੀ।
ਸੁਪਰੀਮ ਕੋਰਟ ਨੇ ਢਾਂਡਾ ਕਮੇਟੀ ਦੀਆਂ ਸਿਫਾਰਿਸ਼ਾਂ ਰੱਦ ਕਰ ਕੇ ਉਨ੍ਹਾਂ ਮੁੜ ਵਿਧਾਇਕ ਬਹਾਲ ਕਰ ਦਿੱਤਾ ਸੀ।
|
|
|
ਚੀਮਾ ਦਾ ਮਾਮਲਾ ਚੋਣ ਕਮਿਸ਼ਨ ਹਵਾਲੇ

ਚੰਡੀਗੜ੍ਹ, 26 ਜਨਵਰੀ (ਪੋਸਟ ਬਿਊਰੋ)- ਪੰਜਾਬ ਦੀ ਮੁੱਖ ਚੋਣ ਅਧਿਕਾਰੀ ਕੁਸੁਮਜੀਤ ਸਿੱਧੂ ਨੇ ਆਈ ਏ ਐਸ ਅਧਿਕਾਰੀ ਤੇ ਮੁੱਖ ਮੰਤਰੀ ਦੇ ਵਿਸ਼ੇਸ਼ ਪ੍ਰਮੁੱਖ ਸਕੱਤਰ ਕੇ ਜੇ ਐਸ ਚੀਮਾ ਦਾ ਮਾਮਲਾ ਚੋਣ ਕਮਿਸ਼ਨ ਦੇ ਸਪੁਰਦ ਕਰ ਦਿੱਤਾ ਹੈ। ਪੱਛਮੀ ਬੰਗਾਲ ਕਾਡਰ ਦੇ ਇਸ ਅਧਿਕਾਰੀ ਦੀਆਂ ਮੁਸ਼ਕਿਲਾਂ ਵੱਧ ਸਕਦੀਆਂ ਹਨ।
ਇਸੇ ਦੌਰਾਨ ਕਪੂਰਥਲਾ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਸਰਬਜੀਤ ਸਿੰਘ ਮੱਕੜ 'ਤੇ ਕਾਂਗਰਸ ਦੇ ਰਾਣਾ ਗੁਰਜੀਤ ਸਿੰਘ ਨੂੰ ਕੇਂਦਰੀ ਬਲਾਂ ਦੀ ਸੁਰੱਖਿਆ ਦੇਣ ਦਾ ਫੈਸਲਾ ਕੀਤਾ ਹੈ। ਇਨ੍ਹਾਂ ਦੋਵਾਂ ਵੱਲੋਂ ਇਕ ਦੂਜੇ ਵਿਰੁੱਧ ਸ਼ਿਕਾਇਤਾਂ ਕੀਤੀਆਂ ਜਾ ਰਹੀਆਂ ਸਨ ਤੇ ਕਮਿਸ਼ਨ ਦੀਆਂ ਹਦਾਇਤਾਂ 'ਤੇ ਪੁਲਸ ਨੇ ਮੱਕੜ ਤੇ ਰਾਣਾ ਨੂੰ ਦਿੱਤੀ ਪੰਜਾਬ ਪੁਲਸ ਦੀ ਸੁਰੱਖਿਆ ਵਾਪਸ ਲੈਣ ਦਾ ਫੈਸਲਾ ਕੀਤਾ ਹੈ।
ਸੀ ਈ ਓ ਕੁਸੁਮਜੀਤ ਸਿੱਧੂ ਦਾ ਕਹਿਣਾ ਹੈ ਕਿ ਮੁੱਖ ਮੰਤਰੀ ਦੇ ਵਿਸ਼ੇਸ਼ ਪ੍ਰਮੁੱਖ ਸਕੱਤਰ ਕੇ ਜੇ ਐਸ ਚੀਮਾ ਦੇ ਮਾਮਲੇ ਵਿੱਚ ਆਈਆਂ ਰਿਪੋਰਟਾਂ ਤੋਂ ਬਾਅਦ ਮਾਮਲਾ ਕੇਂਦਰੀ ਕਮਿਸ਼ਨ ਨੂੰ ਭੇਜਿਆ ਜਾ ਰਿਹਾ ਹੈ ਤੇ ਹੁਣ ਕੋਈ ਵੀ ਕਾਰਵਾਈ ਨਵੀਂ ਦਿੱਲੀ ਤੋਂ ਆਏ ਹੁਕਮਾਂ ਅਨੁਸਾਰ ਹੀ ਹੋਵੇਗੀ।
ਪੀਪਲਜ਼ ਪਾਰਟੀ ਆਫ ਪੰਜਾਬ ਨੇ ਚੋਣ ਕਮਿਸ਼ਨ ਨੂੰ ਕੀਤੀ ਸ਼ਿਕਾਇਤ ਵਿੱਚ ਦੋਸ਼ ਲਾਇਆ ਸੀ ਕਿ ਸ੍ਰੀ ਚੀਮਾ ਨੇ ਲਹਿਰਾ ਵਿਧਾਨ ਸਭਾ ਹਲਕੇ ਦੇ ਕਸਬਾ ਮੂਨਕ ਵਿੱਚ ਜਾ ਕੇ ਲਹਿਰਾ ਹਲਕੇ ਤੋਂ ਕਾਂਗਰਸ ਦੀ ਉਮੀਦਵਾਰ ਬੀਬੀ ਰਾਜਿੰਦਰ ਕੌਰ ਭੱਠਲ ਦੇ ਹੱਕ ਵਿੱਚ ਚੋਣ ਪ੍ਰਚਾਰ ਕੀਤਾ ਹੈ। ਕੁਸੁਮਜੀਤ ਸਿੱਧੂ ਨੇ ਇਸ ਸ਼ਿਕਾਇਤ ਦੇ ਆਧਾਰ 'ਤੇ ਸੰਗਰੂਰ ਦੇ ਜ਼ਿਲਾ ਪੁਲਸ ਮੁਖੀ ਨੂੰ ਰਿਪੋਰਟ ਦੇਣ ਦੀ ਹਦਾਇਤ ਦਿੱਤੀ ਸੀ।
ਐਸ ਐਸ ਪੀ ਸੰਗਰੂਰ ਨੇ ਆਪਣੀ ਰਿਪੋਰਟ ਵਿੱਚ ਸ੍ਰੀ ਚੀਮਾ ਦੇ ਮੂਨਕ ਜਾਣ ਦੀ ਪੁਸ਼ਟੀ ਕੀਤੀ ਹੈ। ਇਸ ਰਿਪੋਰਟ ਦੇ ਆਧਾਰ 'ਤੇ ਸੀ ਈ ਓ ਨੇ ਮੁੱਖ ਸਕੱਤਰ ਸੁਬੋਧ ਚੰਦਰ ਅਗਰਵਾਲ ਨੂੰ ਸੰਬਧਤ ਅਧਿਕਾਰੀ ਦੇ ਪੱਖ ਸਮੇਤ ਰਿਪੋਰਟ ਦੇਣ ਲਈ ਕਿਹਾ ਸੀ ਤੇ ਮੁੱਖ ਸਕੱਤਰ ਨੇ ਵੀ ਕੱਲ੍ਹ ਰਿਪੋਰਟ ਕਮਿਸ਼ਨ ਨੂੰ ਭੇਜ ਦਿੱਤੀ। ਸ੍ਰੀ ਚੀਮਾ ਦਾ ਕਹਿਣਾ ਹੈ, ‘‘ਮੈਂ ਉਸ ਦਿਨ ਮੂਨਕ ਤਾਂ ਜ਼ਰੂਰ ਗਿਆ ਸੀ, ਪਰ ਉਥੇ ਆਪਣੇ ਚਾਚੇ ਨਾਲ ਮੁਲਾਕਾਤ ਤੋਂ ਸਿਵਾਏ ਹੋਰ ਕਿਸੇ ਵੀ ਰਾਜਸੀ ਵਿਅਕਤੀ ਨੂੰ ਨਹੀਂ ਮਿਲਿਆ।''
|
|
|
ਉਪਿੰਦਰਜੀਤ ਕੌਰ ਸਭ ਤੋਂ ਬਜ਼ੁਰਗ ਮਹਿਲਾ ਉਮੀਦਵਾਰ

ਚੰਡੀਗੜ੍ਹ, 26 ਜਨਵਰੀ (ਪੋਸਟ ਬਿਊਰੋ)- ਪੰਜਾਬ ਦੀ ਵਿੱਤ ਮੰਤਰੀ ਉਪਿੰਦਰਜੀਤ ਕੌਰ, ਜੋ ਸੁਲਤਾਨਪੁਰ ਲੋਧੀ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਰੂਪ ਵਿੱਚ ਚੌਥੀ ਵਾਰ ਚੋਣ ਲੜ ਰਹੀ ਹੈ, ਦੀ ਉਮਰ 72 ਸਾਲ ਹੈ। ਉਹ 30 ਜਨਵਰੀ ਨੂੰ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ 93 ਮਹਿਲਾ ਉਮੀਦਵਾਰਾਂ ਵਿੱਚੋਂ ਸਭ ਤੋਂ ਬਜ਼ੁਰਗ ਮਹਿਲਾ ਹੈ। ਇਸ ਵਾਰੀ ਸਭ ਤੋਂ ਨੌਜਵਾਨ ਮਹਿਲਾ ਉਮੀਦਵਾਰ ਪ੍ਰਭਜੋਤ ਕੌਰ (25) ਹੈ, ਜੋ ਫਰੀਦਕੋਟ ਜ਼ਿਲੇ ਦੇ ਜੈਤੋ ਤੋਂ ਚੋਣ ਲੜ ਰਹੀ ਹੈ।
ਮਹਿਲਾ ਉਮੀਦਵਾਰ ਉਮਰ
ਰਾਜਿੰਦਰ ਕੌਰ ਭੱਠਲ (ਕਾਂਗਰਸ) 66 ਸਾਲ
ਵਿਜੇ ਲਕਸ਼ਮੀ ਭਾਦੂ (ਭਾਜਪਾ) 61 ਸਾਲ
ਕਰਨ ਕੌਰ ਬਰਾੜ (ਕਾਂਗਰਸ) 60 ਸਾਲ
ਹਰਬੰਸ ਕੌਰ ਦੂਲੋ (ਕਾਂਗਰਸ) 58 ਸਾਲ
ਕੁਲਦੀਪ ਕੌਰ ਟੌਹੜਾ (ਅਕਾਲੀ) 58 ਸਾਲ
ਬੀਬੀ ਜਗੀਰ ਕੌਰ (ਅਕਾਲੀ) 58 ਸਾਲ
ਲਵਲੀਨ ਕੌਰ ਚਾਹਲ (ਸੀ ਪੀ ਆਈ) 56 ਸਾਲ
ਸੁਮਨ ਕੇ ਪੀ (ਕਾਂਗਰਸ) 55 ਸਾਲ
ਚਰਨਜੀਤ ਕੌਰ ਬਾਜਵਾ (ਕਾਂਗਰਸ) 52 ਸਾਲ
ਨਵਜੋਤ ਕੌਰ ਸਿੱਧੂ (ਭਾਜਪਾ) 48 ਸਾਲ
|
|
|
ਅਕਾਲੀ ਵਿਧਾਇਕ ਵਿਰਸਾ ਸਿੰਘ ਵਲਟੋਹਾ ਦਾ ਸਹਾਇਕ ਸਸਪੈਂਡ

* ਤਿੰਨ ਅਫਸਰਾਂ ਖਿਲਾਫ ਸ਼ਿਕਾਇਤ ਦੀ ਰਿਪੋਰਟ ਮੰਗੀ ਚੋਣ ਕਮਿਸ਼ਨ ਨੇ
ਚੰਡੀਗੜ੍ਹ, 26 ਜਨਵਰੀ (ਪੋਸਟ ਬਿਊਰੋ)- ਮੁੱਖ ਚੋਣ ਅਧਿਕਾਰੀ ਨੇ ਸਿੰਚਾਈ, ਪੁਲਸ ਤੇ ਸਥਾਨਕ ਸਰਕਾਰਾਂ ਵਿਭਾਗ ਦੇ ਤਿੰਨ ਅਧਿਕਾਰੀਆਂ ਦੇ ਰਾਜਨੀਤਕ ਸਰਗਰਮੀ ਕਰਨ ਅਤੇ ਵੋਟਰਾਂ ਨੂੰ ਧਮਕਾਉਣ ਦੀਆਂ ਸ਼ਿਕਾਇਤਾਂ ਮਿਲਣ 'ਤੇ ਇਨ੍ਹਾਂ ਬਾਰੇ ਰਿਪੋਰਟ ਮੰਗੀ ਹੈ। ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕ ਅਤੇ ਖੇਮਕਰਨ ਤੋਂ ਉਮੀਦਵਾਰ ਵਿਰਸਾ ਸਿੰਘ ਵਲਟੋਹਾ ਦੇ ਨਾਲ ਕੰਮ ਕਰ ਰਹੇ ਖੇਤੀਬਾੜੀ ਵਿਭਾਗ ਦੇ ਕਰਮਚਾਰੀ ਸੰਦੀਪ ਸਿੰਘ ਸੁੱਗਾ ਨੂੰ ਚੋਣ ਪ੍ਰਚਾਰ ਕਰਨ ਦੇ ਕਾਰਨ ਸਸਪੈਂਡ ਕਰ ਦਿੱਤਾ ਗਿਆ ਹੈ।
ਪੰਜਾਬ ਦੀ ਵਿਸ਼ੇਸ਼ ਮੁੱਖ ਚੋਣ ਅਧਿਕਾਰੀ ਊਸ਼ਾ ਆਰ ਸ਼ਰਮਾ ਨੇ ਦੱਸਿਆ ਕਿ ਮੁੱਖ ਟਾਊਨ ਪਲਾਨਰ ਬਲਕਾਰ ਸਿੰਘ ਬਰਾੜ ਤੇ ਸਿੰਚਾਈ ਵਿਭਾਗ ਦੇ ਮੁੱਖ ਇੰਜੀਨੀਅਰ ਅਮਰਜੀਤ ਸਿੰਘ ਦੁਲੱਟ ਦੇ ਖਿਲਾਫ ਕੋਟ ਕਪੂਰਾ ਤੋਂ ਅਕਾਲੀ ਉਮੀਦਵਾਰ ਮਨਤਾਰ ਸਿੰਘ ਬਰਾੜ ਦੇ ਹੱਕ ਵਿੱਚ ਚੋਣ ਪਰਚਾਰ ਕਰਨ ਦੀ ਸ਼ਿਕਾਇਤ ਮਿਲੀ ਹੈ। ਇਸ ਤੋਂ ਇਲਾਵਾ ਸਥਾਨਕ ਡੀ ਐਸ ਪੀ ਦੇ ਖਿਲਾਫ ਵੋਟਰਾਂ ਨੂੰ ਧਮਕਾਉਣ ਦੀ ਸ਼ਿਕਾਇਤ ਆਈ ਹੈ। ਇਨ੍ਹਾਂ ਤਿੰਨਾਂ ਸ਼ਿਕਾਇਤਾਂ ਦੇ ਬਾਰੇ ਵਿੱਚ ਸੰਬੰਧਤ ਵਿਭਾਗਾਂ ਤੋਂ ਰਿਪੋਰਟ ਮੰਗੀ ਗਈ ਹੈ। ਫਿਰੋਜ਼ਪੁਰ ਜ਼ਿਲੇ ਦੇ ਸਰਕਾਰੀ ਹਾਈ ਸਕੂਲ ਮਿੱਡਾ ਦੇ ਮੁੱਖ ਅਧਿਆਪਕ ਦਰਸ਼ਨ ਲਾਲ ਨੂੰ ਵਿਦਿਆਰਥੀਆਂ ਨੂੰ ਸਾਈਕਲਾਂ ਵੰਡਣ ਕਾਰਨ ਸਸਪੈਂਡ ਕੀਤਾ ਗਿਆ ਹੈ। ਸ਼ਰਮਾ ਨੇ ਦੱਸਿਆ ਕਿ ਲੁਧਿਆਣਾ ਦੇ ਸਹਾਇਕ ਜ਼ਿਲਾ ਸਿਖਿਆ ਅਧਿਕਾਰੀ ਨੂੰ ਜ਼ਿਲੇ ਤੋਂ ਬਾਹਰ ਬਦਲਣ ਦੇ ਆਦੇਸ਼ ਦਿੱਤੇ ਗਏ ਹਨ। ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰਾਮਪੁਰਾ ਫੂਲ ਦੇ ਹਿੰਦੀ ਅਧਿਆਪਕ ਹਰਿੰਦਰ ਸਿੰਘ ਬੱਲੀ ਨੂੰ ਸਰਕਾਰੀ ਹਾਈ ਸਕੂਲ ਵਕੀਲਾਂ ਵਾਲਾ ਫਿਰੋਜ਼ਪੁਰ ਅਤੇ ਸਰਕਾਰੀ ਹਾਈ ਸਕੂਲ ਘੁਮਾਣ ਗੁਰਦਾਸਪੁਰ ਦੇ ਐਸ ਐਸ ਮਾਸਟਰ ਸੁਖਦੇਵ ਸਿੰਘ ਨੂੰ ਸਰਕਾਰੀ ਹਾਈ ਸਕੂਲ ਮੰਡੀ ਕਾਸੂ ਜਲੰਧਰ ਤਬਾਦਲਾ ਕੀਤਾ ਗਿਆ ਹੈ।
|
|
|
| Advertisement |
|
|
|
|
| |
| © Copyright < Canadian Punjabi Post > < 2012-2013 >, All Rights Reserved. |
|
|
Webmaster: Saysons Webdesign |
|
|
|